ਅੱਜ 20 ਮਈ ਨੂੰ ਕਾਦੀਆਂ ਸਮੇਤ ਪੰਜਾਬ ਭਰ ਵਿੱਚ ਮੈਡੀਕਲ ਸਟੋਰ ਰਹਿਣਗੇ ਬੰਦ, ਆਨਲਾਈਨ ਦਵਾਈ ਵਿਕਰੀ ਦੇ ਵਿਰੋਧ ’ਚ ਕੈਮਿਸਟਾਂ ਦੀ ਹੜਤਾਲ

Uploaded Image
ਕਾਦੀਆਂ ਦੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਸੁੱਖ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ)

ਕਾਦੀਆਂ, 19 ਮਈ (ਜ਼ੀਸ਼ਾਨ): ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ (AIOCD) ਦੇ ਸੱਦੇ ’ਤੇ 20 ਮਈ ਨੂੰ ਪੰਜਾਬ ਸਮੇਤ ਦੇਸ਼ ਭਰ ਵਿੱਚ ਕੈਮਿਸਟਾਂ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਕਾਦੀਆਂ ਸ਼ਹਿਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਜ਼ਿਆਦਾਤਰ ਮੈਡੀਕਲ ਸਟੋਰ ਬੰਦ ਰਹਿਣਗੇ।
ਕੈਮਿਸਟ ਐਸੋਸੀਏਸ਼ਨ ਕਾਦੀਆਂ ਦੇ ਪ੍ਰਧਾਨ ਸੁਖਵਿੰਦਰ ਪਾਲ ਸਿੰਘ ਸੁੱਖ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹੜਤਾਲ ਮੁੱਖ ਤੌਰ ’ਤੇ ਆਨਲਾਈਨ ਦਵਾਈਆਂ ਦੀ ਵਿਕਰੀ, ਬੇਤਹਾਸਾ ਡਿਸਕਾਊਂਟ ਅਤੇ ਬਿਨਾਂ ਢੰਗ ਨਾਲ ਜਾਂਚ ਕੀਤੇ ਦਵਾਈਆਂ ਦੀ ਸਪਲਾਈ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਫਾਰਮੇਸੀ ਕੰਪਨੀਆਂ ਕਾਰਨ ਰਵਾਇਤੀ ਕੈਮਿਸਟਾਂ ਦੇ ਕਾਰੋਬਾਰ ’ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਨਾਲ ਵੀ ਖਤਰਾ ਜੁੜਿਆ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਕੈਮਿਸਟ ਭਾਈਚਾਰੇ ਦੀ ਮੰਗ ਹੈ ਕਿ ਸਰਕਾਰ ਆਨਲਾਈਨ ਦਵਾਈ ਵਿਕਰੀ ’ਤੇ ਸਖ਼ਤ ਨਿਯਮ ਲਾਗੂ ਕਰੇ ਅਤੇ ਬਿਨਾਂ ਪ੍ਰਮਾਣਿਤ ਪ੍ਰਿਸਕ੍ਰਿਪਸ਼ਨ ਦਵਾਈਆਂ ਵੇਚਣ ਵਾਲੇ ਪਲੇਟਫਾਰਮਾਂ ’ਤੇ ਕਾਰਵਾਈ ਕਰੇ। ਕੈਮਿਸਟਾਂ ਦਾ ਦਾਅਵਾ ਹੈ ਕਿ ਬਿਨਾਂ ਪੂਰੀ ਜਾਂਚ ਤੋਂ ਦਵਾਈਆਂ ਦੀ ਘਰ-ਘਰ ਡਿਲੀਵਰੀ ਨਾਲ ਦਵਾਈਆਂ ਦੇ ਗਲਤ ਇਸਤੇਮਾਲ ਅਤੇ ਨਕਲੀ ਦਵਾਈਆਂ ਦੇ ਖਤਰੇ ਵਿੱਚ ਵਾਧਾ ਹੋ ਸਕਦਾ ਹੈ।
ਸੁਖਵਿੰਦਰ ਪਾਲ ਸਿੰਘ ਸੁੱਖ ਨੇ ਕਾਦੀਆਂ ਅਤੇ ਆਲੇ-ਦੁਆਲੇ ਦੇ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ 20 ਮਈ ਨੂੰ ਆਪਣੇ ਮੈਡੀਕਲ ਸਟੋਰ ਪੂਰੀ ਤਰ੍ਹਾਂ ਬੰਦ ਰੱਖ ਕੇ ਇਸ ਹੜਤਾਲ ਦਾ ਸਮਰਥਨ ਕਰਨ। ਉਨ੍ਹਾਂ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜ਼ਰੂਰੀ ਦਵਾਈਆਂ ਪਹਿਲਾਂ ਹੀ ਪ੍ਰਬੰਧ ਕਰ ਲੈਣ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Post a Comment

© Qadian Times. All rights reserved. Distributed by ASThemesWorld