ਕਾਦੀਆਂ, 19 ਅਪ੍ਰੈਲ (ਜ਼ੀਸ਼ਾਨ) – ਗਰਮੀ ਦੇ ਮੌਸਮ ਦੀ ਸ਼ੁਰੂਆਤ ਨਾਲ ਹੀ ਪਿੰਡਾਂ ਵਿੱਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਜਿੱਥੇ ਇੱਕ ਪਾਸੇ ਸ਼ਹਿਰਾਂ ਵਿੱਚ ਰਾਤ ਸਮੇਂ ਬਿਜਲੀ ਸਪਲਾਈ ਜਾਰੀ ਰਹਿੰਦੀ ਹੈ, ਉੱਥੇ ਪਿੰਡਾਂ ਵਿੱਚ 2 ਤੋਂ 5 ਘੰਟਿਆਂ ਤੱਕ ਦੇ ਕੱਟ ਲੱਗਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਦੇ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਨੇ ਦੱਸਿਆ ਕਿ ਅਚਾਨਕ ਵਧੀ ਗਰਮੀ ਦੇ ਮੱਦੇਨਜ਼ਰ ਬਿਜਲੀ ਦੀ ਮੰਗ ਵਧ ਗਈ ਹੈ, ਪਰ ਲੰਮੇ ਕੱਟਾਂ ਕਾਰਨ ਲੋਕਾਂ ਦੀ ਦਿਨਚਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਖਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਰਾਤ ਵੇਲੇ ਬਿਨਾਂ ਬਿਜਲੀ ਦੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ।
ਬਿਜਲੀ ਕੱਟਾਂ ਕਾਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ, ਜਦਕਿ ਛੋਟੇ ਕਾਰੋਬਾਰ ਜਿਵੇਂ ਵੈਲਡਿੰਗ ਵਰਕਸ਼ਾਪਾਂ, ਆਟੇ ਦੀਆਂ ਚੱਕੀਆਂ ਅਤੇ ਹੋਰ ਧੰਦੇ ਵੀ ਪ੍ਰਭਾਵਿਤ ਹੋ ਰਹੇ ਹਨ। ਮਸ਼ੀਨਾਂ ਬੰਦ ਰਹਿਣ ਕਾਰਨ ਰੋਜ਼ਾਨਾ ਦੀ ਆਮਦਨ ’ਤੇ ਵੀ ਅਸਰ ਪੈ ਰਿਹਾ ਹੈ।
ਇਸ ਮਾਮਲੇ ’ਤੇ ਬਿਜਲੀ ਵਿਭਾਗ ਦੇ ਐਸ.ਡੀ.ਓ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਹ ਪਾਵਰ ਕੱਟ ਪਟਿਆਲਾ ਦਫ਼ਤਰ ਵੱਲੋਂ ਲਗਾਏ ਜਾ ਰਹੇ ਹਨ ਅਤੇ ਇਹ ਸੂਬੇ ਭਰ ਵਿੱਚ ਲਾਗੂ ਹਨ। ਉੱਥੇ ਹੀ 220 ਕੇਵੀ ਵਡਾਲਾ ਗ੍ਰੰਥੀਆਂ ਦਫ਼ਤਰ ਵੱਲੋਂ ਵੀ ਇਹੀ ਜਾਣਕਾਰੀ ਦਿੱਤੀ ਗਈ ਅਤੇ ਵਧੇਰੇ ਵੇਰਵੇ ਲਈ ਪਟਿਆਲਾ ਕੰਟਰੋਲ ਰੂਮ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ।
ਪਿੰਡਾਂ ਦੇ ਲੋਕਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗ ਕੋਲੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਬਿਜਲੀ ਸਪਲਾਈ ਸੁਚਾਰੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਗਰਮੀ ਵਿੱਚ ਰਾਹਤ ਮਿਲ ਸਕੇ।
