ਟੀ-20 ਵਰਲਡ ਕੱਪ ਕਨੇਡਾ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਵਡਾਲਾ ਗ੍ਰੰਥੀਆਂ ਅਤੇ ਡੱਲਾ ਵਿਖੇ ਸਨਮਾਨ

ਕਨੇਡਾ ਦੀ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਸਨਮਾਨ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਹੋਰ ਹਾਜ਼ਰ ਸੱਜਣ। (ਜ਼ੀਸ਼ਾਨ)

ਕਾਦੀਆਂ, 9 ਮਾਰਚ (ਜ਼ੀਸ਼ਾਨ) – ਟੀ-20 ਵਰਲਡ ਕੱਪ ਕਨੇਡਾ ਦੀ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਦਾ ਪਿੰਡ ਵਡਾਲਾ ਗ੍ਰੰਥੀਆਂ ਅਤੇ ਡੱਲਾ ਵਿਖੇ ਪਰਿਵਾਰਕ ਮੈਂਬਰਾਂ ਅਤੇ ਸੱਜਣਾਂ-ਮਿੱਤਰਾਂ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕ੍ਰਿਕਟ ਪ੍ਰੇਮੀਆਂ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਖੇਤੀਬਾੜੀ ਵਿਸਥਾਰ ਅਫਸਰ ਕਾਦੀਆਂ ਹਰਪ੍ਰੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਬਾਜਵਾ ਆਪਣੇ ਸੱਜਣਾਂ ਨੂੰ ਮਿਲਣ ਲਈ ਪਿੰਡ ਵਡਾਲਾ ਗ੍ਰੰਥੀਆਂ ਪਹੁੰਚੇ ਸਨ, ਜਿੱਥੇ ਪਿੰਡ ਦੇ ਸਰਪੰਚ ਕਰਨੈਲ ਸਿੰਘ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਲਵਿੰਦਰ ਸਿੰਘ ਬੁੱਟਰ ਸਮੇਤ ਪੰਚਾਇਤ ਮੈਂਬਰਾਂ ਵੱਲੋਂ ਵੀ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿਲਪ੍ਰੀਤ ਸਿੰਘ ਦੇ ਪਿਤਾ ਹਰਪ੍ਰੀਤ ਸਿੰਘ ਬਾਜਵਾ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ ਅਤੇ ਬਾਅਦ ਵਿੱਚ ਕਨੇਡਾ ਚਲੇ ਗਏ ਸਨ। ਇਸ ਤੋਂ ਬਾਅਦ ਪਿੰਡ ਡੱਲਾ ਵਿਖੇ ਬੋਪਾਰਾਏ ਪਰਿਵਾਰ ਵੱਲੋਂ ਵੀ ਦਿਲਪ੍ਰੀਤ ਸਿੰਘ ਬਾਜਵਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੱਥੇ ਪ੍ਰੀਤਮ ਸਿੰਘ ਬੋਪਾਰਾਏ, ਕੁਵਰ ਪ੍ਰਤਾਪ ਸਿੰਘ ਬੋਪਾਰਾਏ, ਮਨਪ੍ਰੀਤ ਸਿੰਘ ਬੋਪਾਰਾਏ, ਲਵਪ੍ਰੀਤ ਸਿੰਘ ਬੋਪਾਰਾਏ (ਮੁੱਖ ਮੁਨਸ਼ੀ ਥਾਣਾ ਕਾਦੀਆਂ), ਪਰਮਿੰਦਰ ਸਿੰਘ ਸੰਧੂ ਅਤੇ ਸਤਨਾਮ ਸਿੰਘ ਸੰਧੂ ਸਮੇਤ ਹੋਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਗੁਰੂ ਬਖ਼ਸ਼ਿਸ਼ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਅਰਦਾਸ ਕੀਤੀ ਕਿ ਉਹ ਭਵਿੱਖ ਵਿੱਚ ਹੋਰ ਵੱਡੀਆਂ ਕਾਮਯਾਬੀਆਂ ਹਾਸਲ ਕਰਨ।
ਇਸ ਮੌਕੇ ਦਿਲਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਕਾਮਯਾਬੀ ਦੇ ਪਿੱਛੇ ਉਨ੍ਹਾਂ ਦੇ ਪਰਿਵਾਰ ਅਤੇ ਸੱਜਣਾਂ-ਮਿੱਤਰਾਂ ਦਾ ਪੂਰਾ ਸਹਿਯੋਗ ਹੈ ਅਤੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਅਤੇ ਆਪਣੇ ਪਰਿਵਾਰ ਤੇ ਇਲਾਕੇ ਦਾ ਨਾਮ ਰੋਸ਼ਨ ਕਰਨ। ਅੰਤ ਵਿੱਚ ਹਰਪ੍ਰੀਤ ਸਿੰਘ ਬੋਪਾਰਾਏ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


إرسال تعليق

© Qadian Times. All rights reserved. Distributed by ASThemesWorld