| ਕਾਦੀਆਂ ਸਬ ਤਹਿਸੀਲ ਵਿੱਚ ਹੜਤਾਲ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 16 ਮਾਰਚ (ਜ਼ੀਸ਼ਾਨ) – ਪੰਜਾਬ ਭਰ ਦੇ ਡੀ.ਸੀ ਦਫ਼ਤਰਾਂ ਦੇ ਕਰਮਚਾਰੀਆਂ ਵੱਲੋਂ ਦਿੱਤੀ ਦੋ ਦਿਨਾਂ ਦੀ ਕਲਮ ਛੋੜ ਹੜਤਾਲ ਦਾ ਅਸਰ ਕਾਦੀਆਂ ਸਬ ਤਹਿਸੀਲ ਦਫ਼ਤਰ ਵਿੱਚ ਵੀ ਵੇਖਣ ਨੂੰ ਮਿਲਿਆ। ਹੜਤਾਲ ਕਾਰਨ ਦਫ਼ਤਰਾਂ ਵਿੱਚ ਕੰਮਕਾਜ ਬੰਦ ਰਿਹਾ, ਜਿਸ ਕਰਕੇ ਦੂਰ-ਦਰਾਡੇ ਪਿੰਡਾਂ ਤੋਂ ਆਪਣੇ ਜ਼ਰੂਰੀ ਕੰਮ ਕਰਵਾਉਣ ਆਏ ਲੋਕਾਂ ਨੂੰ ਨਿਰਾਸ ਹੋ ਕੇ ਵਾਪਸ ਜਾਣਾ ਪਿਆ।
ਲੋਕ ਜ਼ਮੀਨੀ ਰਿਕਾਰਡ, ਰਜਿਸਟਰੀਆਂ, ਸਰਟੀਫਿਕੇਟ ਅਤੇ ਹੋਰ ਦਫ਼ਤਰੀ ਕੰਮਾਂ ਲਈ ਦਫ਼ਤਰ ਪਹੁੰਚੇ ਹੋਏ ਸਨ ਪਰ ਕਰਮਚਾਰੀਆਂ ਦੀ ਹੜਤਾਲ ਕਾਰਨ ਉਨ੍ਹਾਂ ਦੇ ਕੰਮ ਨਹੀਂ ਹੋ ਸਕੇ।
ਕਰਮਚਾਰੀਆਂ ਨੇ ਦੱਸਿਆ ਕਿ ਇਹ ਹੜਤਾਲ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਦੇ ਘਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਇਸ ਮਾਮਲੇ ਦੇ ਵਿਰੋਧ ਵਜੋਂ ਐਸ.ਐਸ.ਪੀ. ਦਫ਼ਤਰ ਦਾ ਘਿਰਾਓ ਕਰਕੇ ਵੱਡੀ ਰੈਲੀ ਕੱਢੀ ਜਾਵੇਗੀ।