| ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਪ੍ਰਸ਼ਨੋਤਰੀ ਮੁਕਾਬਲੇ ਦੌਰਾਨ ਜੇਤੂ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਅਤੇ ਸਟਾਫ਼ ਮੈਂਬਰ। (ਜ਼ੀਸ਼ਾਨ) |
ਕਾਦੀਆਂ, 16 ਮਾਰਚ (ਜ਼ੀਸ਼ਾਨ) – ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਵਿਦਿਆਰਥੀਆਂ ਲਈ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਬੀ.ਏ. ਦੂਸਰਾ, ਚੌਥਾ ਅਤੇ ਛੇਵਾਂ ਸਮੈਸਟਰ ਦੇ ਵਿਦਿਆਰਥੀਆਂ ਦੀਆਂ ਤਿੰਨ ਟੀਮਾਂ ਨੇ ਭਾਗ ਲਿਆ।
ਮੁਕਾਬਲੇ ਦੌਰਾਨ ਰਾਜਨੀਤੀ, ਇਤਿਹਾਸ ਅਤੇ ਚਲੰਤ ਮਾਮਲਿਆਂ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਦਿਲਚਸਪੀ ਨਾਲ ਜਵਾਬ ਦਿੱਤੇ। ਇਸ ਮੁਕਾਬਲੇ ਵਿੱਚ ਪਲਕਦੀਪ, ਅਰਸ਼ਪ੍ਰੀਤ ਅਤੇ ਗੁਰਸੇਵਕ ਸਿੰਘ ਦੀ ਟੀਮ ਪਹਿਲੇ ਸਥਾਨ 'ਤੇ ਰਹੀ, ਜਦਕਿ ਨਵਦੀਪ ਕੌਰ, ਗੁਰਸ਼ਰਨਜੀਤ ਕੌਰ ਅਤੇ ਸਿਮਰਨਜੀਤ ਕੌਰ ਦੀ ਟੀਮ ਦੂਜੇ ਸਥਾਨ 'ਤੇ ਅਤੇ ਮੁਸਕਾਨ, ਗੁਰਸ਼ਰਨਜੀਤ ਕੌਰ ਅਤੇ ਹਰਿੰਦਰ ਸਿੰਘ ਦੀ ਟੀਮ ਤੀਜੇ ਸਥਾਨ 'ਤੇ ਰਹੀ।
ਜੇਤੂ ਅਤੇ ਹੋਰ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਹੁੰਦਲ ਅਤੇ ਸਟਾਫ਼ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਹੁੰਦਲ ਨੇ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਉਹ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਵੀ ਤਿਆਰ ਹੁੰਦੇ ਹਨ।