| ਜਾਣਕਾਰੀ ਅਤੇ ਰੋਸ ਜਾਹਿਰ ਕਰਦੇ ਪਿੰਡ ਵਾਸੀ, ਸਰਕਾਰੀ ਬੱਸ ਅੱਡੇ ਨੂੰ ਹੋਏ ਨੁਕਸਾਨ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 15 ਮਾਰਚ (ਜ਼ੀਸ਼ਾਨ) – ਪਿੰਡ ਬਸਤੀ ਬਾਜ਼ੀਗਰ ਬਸਰਾਏ ਦੇ ਵਸਨੀਕਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ 'ਤੇ ਸਰਕਾਰੀ ਬੱਸ ਅੱਡੇ ਨੂੰ ਨੁਕਸਾਨ ਪਹੁੰਚਾ ਕੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ। ਇਸ ਸੰਬੰਧੀ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਕਾਦੀਆਂ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡ ਵਾਸੀਆਂ ਵਿਜੇ ਕੁਮਾਰ, ਸਵਰਨ ਸਿੰਘ, ਕੁਲਵੰਤ ਸਿੰਘ, ਹਰਬੰਸ ਲਾਲ, ਮੇਜਰ ਸਿੰਘ, ਹਰਬੰਸ ਸਿੰਘ, ਬਚਨ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ–ਹਰਚੋਵਾਲ ਸੜਕ ਕਿਨਾਰੇ ਸਥਿਤ ਇਹ ਬੱਸ ਅੱਡਾ ਕਰੀਬ 35 ਸਾਲ ਪਹਿਲਾਂ ਸਰਕਾਰ ਵੱਲੋਂ ਬਣਾਇਆ ਗਿਆ ਸੀ ਅਤੇ ਪਿੰਡ ਵਾਸੀ ਇਸਦਾ ਲੰਬੇ ਸਮੇਂ ਤੋਂ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਵਿਅਕਤੀ ਨੇ ਬੱਸ ਅੱਡੇ ਦੀ ਪਿਛਲੀ ਕੰਧ ਢਾਹ ਕੇ ਸ਼ੈੱਡ ਅਤੇ ਪਾਈਪਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਵੀ ਦਿੱਤੀਆਂ। ਇਸ ਲਈ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੱਸ ਅੱਡੇ ਦੀ ਜ਼ਮੀਨ ਤੋਂ ਕਬਜ਼ਾ ਛੁਡਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਥਾਣਾ ਕਾਦੀਆਂ ਦੇ ਐਸ.ਐਚ.ਓ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।