| ਸੜਕ 'ਤੇ ਪ੍ਰੀਮਿਕਸ ਪਾਉਣ ਸੰਬੰਧੀ ਮੰਗ ਕਰਦੇ ਆਗੂ। (ਜ਼ੀਸ਼ਾਨ) |
ਕਾਦੀਆਂ, 12 ਫ਼ਰਵਰੀ (ਜ਼ੀਸ਼ਾਨ)– ਪੁੱਲ ਭਾਮੜੀ ਤੋਂ ਹਰਚੋਵਾਲ ਤੱਕ ਸੜਕ 'ਤੇ ਪਿਛਲੇ ਲਗਭਗ ਅੱਠ ਮਹੀਨਿਆਂ ਤੋਂ ਮੋਟਾ ਪੱਥਰ ਪਿਆ ਹੋਣ ਕਾਰਨ ਵਾਹਨ ਚਾਲਕਾਂ, ਸਕੂਲ ਬੱਸਾਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਭਾਈ ਜਗਤਾਰ ਸਿੰਘ ਖਾਲਸਾ ਅਤੇ ਬਾਬਾ ਦਲਬੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਮੇਲਾ ਚੋਲਾ ਸਾਹਿਬ (ਡੇਰਾ ਬਾਬਾ ਨਾਨਕ) ਮੌਕੇ ਖੰਡਿਆਲਾ ਸਿਆਣੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਇਸੇ ਰਸਤੇ ਰਵਾਨਾ ਹੁੰਦੀਆਂ ਹਨ ਅਤੇ ਹਰਚੋਵਾਲ ਰਾਤ ਠਹਿਰ ਕੇ ਅਗਲੇ ਦਿਨ ਕਾਦੀਆਂ ਵੱਲ ਜਾਂਦੀਆਂ ਹਨ। ਖਰਾਬ ਸੜਕ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਈ ਵਾਰ ਵਿਭਾਗ ਅਤੇ ਸਰਕਾਰ ਨੂੰ ਅਪੀਲਾਂ ਕੀਤੀਆਂ ਗਈਆਂ ਪਰ ਹਰੇਕ ਵਾਰ ਸਿਰਫ਼ ਜਲਦੀ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਦਸ ਦਿਨਾਂ ਅੰਦਰ ਸੜਕ 'ਤੇ ਪ੍ਰੀਮਿਕਸ ਨਾ ਪਾਇਆ ਗਿਆ ਤਾਂ ਹਰਚੋਵਾਲ ਚੌਂਕ ਵਿੱਚ ਅਣਮਿੱਥੇ ਸਮੇਂ ਲਈ ਪੱਕਾ ਜਾਮ ਲਗਾਇਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਅਤੇ ਠੇਕੇਦਾਰ ਦੀ ਹੋਵੇਗੀ।
ਇਸ ਮੌਕੇ ਰਾਜਵਿੰਦਰ ਸਿੰਘ ਰਾਜਾ, ਜਥੇਦਾਰ ਬਖਸ਼ੀਸ਼ ਸਿੰਘ, ਬਲਰਾਜ ਸਿੰਘ, ਰਣਜੀਤ ਸਿੰਘ ਫੌਜੀ, ਦਲਬੀਰ ਸਿੰਘ ਆਦਿ ਹਾਜ਼ਰ ਸਨ।