ਕਾਦੀਆਂ ਦੀ ਰਮਨੀਤ ਕੌਰ ਨੇ ਸੰਗੀਤ ਵਿਸ਼ੇ ਵਿੱਚ ਪਾਸ ਕੀਤੀ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ, ਮਾਪਿਆਂ ਅਤੇ ਅਧਿਆਪਕਾਂ ਦਾ ਕੀਤਾ ਨਾਂਅ ਰੋਸ਼ਨ

ਯੂ.ਜੀ.ਸੀ. ਨੈੱਟ ਪ੍ਰੀਖਿਆ ਪਾਸ ਕਰਨ ਉਪਰੰਤ ਰਮਨੀਤ ਕੌਰ ਆਪਣੇ ਮਾਤਾ ਪਿਤਾ ਨਾਲ ਖੁਸ਼ੀ ਸਾਂਝੀ ਕਰਦੇ ਹੋਏ (ਜ਼ੀਸ਼ਾਨ)


ਕਾਦੀਆਂ, 7 ਫਰਵਰੀ (ਜ਼ੀਸ਼ਾਨ) - ਕਾਦੀਆਂ, 7 ਫਰਵਰੀ (ਜ਼ੀਸ਼ਾਨ) - ਕਾਦੀਆਂ ਨਿਵਾਸੀ ਰਮਨੀਤ ਕੌਰ, ਸਪੁੱਤਰੀ ਭਾਈ ਅਨੂਪ ਸਿੰਘ ਜੀ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ), ਨੇ ਸੰਗੀਤ ਵਿਸ਼ੇ ਵਿੱਚ ਯੂ.ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦਾ ਨਾਂਅ ਰੋਸ਼ਨ ਕੀਤਾ ਹੈ। ਕੌਮੀ ਪੱਧਰ ਦਾ ਇਹ ਇਮਤਿਹਾਨ ਰਮਨੀਤ ਕੌਰ ਵੱਲੋਂ ਦਸੰਬਰ 2025 ਦੇ ਸੈਸ਼ਨ ਦੌਰਾਨ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰਮਨੀਤ ਕੌਰ ਨੇ ਗ੍ਰੈਜੂਏਸ਼ਨ (ਸੰਗੀਤ ਵਿਸ਼ਾ) ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਮੈਰਿਟ ਵਿੱਚ ਆ ਕੇ ਪਾਸ ਕੀਤੀ ਸੀ। ਇਸ ਉਪਰੰਤ, ਉਸਨੇ ਸਰਕਾਰੀ ਸਰੂਪ ਰਾਣੀ ਕਾਲਜ ਅੰਮ੍ਰਿਤਸਰ ਵਿਖੇ ਸੰਗੀਤ ਵਿਸ਼ੇ ਵਿੱਚ ਮਾਸਟਰ ਡਿਗਰੀ ਵੀ ਯੂਨੀਵਰਸਿਟੀ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਕੇ ਮੁਕੰਮਲ ਕੀਤੀ। ਇਸ ਹੋਣਹਾਰ ਧੀ ਦੀਆਂ ਅਕਾਦਮਿਕ ਪ੍ਰਾਪਤੀਆਂ ਜਿੱਥੇ ਸ਼ਲਾਘਾਯੋਗ ਹਨ, ਉਥੇ ਹੀ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਵੀ ਉਸਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਕਾਲਜ ਵੱਲੋਂ ਯੂਨੀਵਰਸਿਟੀ ਯੂਥ ਫੈਸਟੀਵਲ (ਯੁਵਕ ਮੇਲੇ) ਵਿੱਚ ਹਿੱਸਾ ਲੈਂਦਿਆਂ ਉਸਨੇ ਲਗਾਤਾਰ ਸਾਲ 2022, 2023 ਅਤੇ 2024 ਵਿੱਚ ਸੰਗੀਤ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ 'ਸੰਗੀਤ ਗਾਇਨ' ਅਤੇ 'ਵਾਦਨ ਵਿਸ਼ਾਰਦ' ਦੀਆਂ ਡਿਗਰੀਆਂ ਵੀ ਪਹਿਲੇ ਸਥਾਨ ਨਾਲ ਪਾਸ ਕੀਤੀਆਂ ਹਨ। ਯੂ.ਜੀ.ਸੀ. ਨੈੱਟ ਪਾਸ ਕਰਨ ਉਪਰੰਤ ਰਮਨੀਤ ਕੌਰ ਹੁਣ ਅਸਿਸਟੈਂਟ ਪ੍ਰੋਫ਼ੈਸਰ ਬਣਨ ਦੇ ਯੋਗ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇਸ ਵਿਸ਼ੇ ਦੀ ਉਚੇਰੀ ਪੜ੍ਹਾਈ ਕਰਵਾ ਸਕੇਗੀ। ਇਸ ਪ੍ਰਾਪਤੀ 'ਤੇ ਇਲਾਕਾ ਨਿਵਾਸੀਆਂ ਨੇ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ, ਉਥੇ ਹੀ ਉਹ ਉਸਦੇ ਮਾਤਾ-ਪਿਤਾ ਨੂੰ ਵਧਾਈ ਦੇਣ ਲਈ ਵੀ ਪਹੁੰਚ ਰਹੇ ਹਨ। ਉਸਦੇ ਪਿਤਾ ਭਾਈ ਅਨੂਪ ਸਿੰਘ (ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ) ਨੇ ਕਿਹਾ ਕਿ ਉਨ੍ਹਾਂ ਦੀ ਹੋਣਹਾਰ ਧੀ ਨੇ ਸੰਗੀਤ ਵਿਸ਼ੇ ਵਿੱਚ ਇਹ ਮਾਣਮੱਤੀ ਪ੍ਰਾਪਤੀ ਕਰਕੇ ਉਨ੍ਹਾਂ ਦਾ ਸੁਪਨਾ ਪੂਰਾ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਧੀ 'ਤੇ ਪੂਰਾ ਮਾਣ ਹੈ। ਰਮਨੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਗੀਤ ਦੀ ਗੁੜ੍ਹਤੀ ਉਸ ਨੂੰ ਆਪਣੇ ਪਿਤਾ ਪਾਸੋਂ ਮਿਲੀ ਸੀ ਅਤੇ ਉਹ ਆਪਣੀ ਮਾਤਾ ਗੁਰਮੀਤ ਕੌਰ ਦੀ ਪ੍ਰੇਰਨਾ ਸਦਕਾ ਪੜ੍ਹਾਈ ਮੁਕੰਮਲ ਕਰ ਸਕੀ ਹੈ। ਉਹ ਸ਼ੁਰੂ ਤੋਂ ਹੀ ਇਸ ਵਿਸ਼ੇ ਵਿੱਚ ਉਚੇਰੀ ਵਿਦਿਆ ਪ੍ਰਾਪਤ ਕਰਨਾ ਚਾਹੁੰਦੀ ਸੀ ਅਤੇ ਅੱਜ ਉਸ ਦਾ ਅਤੇ ਉਸਦੇ ਮਾਪਿਆਂ ਦਾ ਸੁਪਨਾ ਪੂਰਾ ਹੋਇਆ ਹੈ। ਉਸਨੇ ਆਪਣੀ ਇਸ ਸਫਲਤਾ ਲਈ ਆਪਣੇ ਅਧਿਆਪਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਲਾਕਾ ਵਾਸੀਆਂ ਵੱਲੋਂ ਰਮਨੀਤ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ ਹਨ।

Post a Comment

© Qadian Times. All rights reserved. Distributed by ASThemesWorld