ਕਾਦੀਆਂ ਚ ਪ੍ਰਤਾਪ ਬਾਜਵਾ ਦੇ ਬਿਆਨ ਦੇ ਆਪ ਵੱਲੋਂ ਰੋਸ ਪ੍ਰਦਰਸ਼ਨ, ਬਾਜਵਾ ਦੀ ਕੋਠੀ ਦੇ ਘਿਰਾਓ ਦੀ ਕੋਸ਼ਿਸ਼ ਦੌਰਾਨ ਪੁਲਸ ਪ੍ਰਸ਼ਾਸਨ ਨਾਲ ਕੀਤੀ ਧੱਕਾ ਮੁੱਕੀ

ਕਾਦੀਆਂ ਚ ਰੋਸ਼ ਪ੍ਰਦਰਸ਼ਨ ਕਰਦਿਆਂ ਆਪ ਆਗੂ, ਪ੍ਰਤਾਪ ਬਾਜਵਾ ਦੀ ਕੋਠੀ ਦਾ ਘਿਰਾਓ ਦੀ ਕੋਸ਼ਿਸ਼ ਕਰਦੇ, ਪੁਲਸ ਪ੍ਰਸ਼ਾਸਨ ਨਾਲ ਧੱਕਾ ਮੁੱਕੀ ਕਰਦਿਆਂ। (ਜ਼ੀਸ਼ਾਨ)

ਕਾਦੀਆਂ, 9 ਫ਼ਰਵਰੀ (ਜ਼ੀਸ਼ਾਨ)– ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਤਾਜ਼ਾ ਬਿਆਨ ਦੇ ਵਿਰੋਧ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਕਾਦੀਆਂ ਥਾਣਾ ਚੌਂਕ ਵਿੱਚ ਧਰਨਾ ਦੇਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰਾਂ ਨੇ ਬਾਜਵਾ ਦੀ ਕੋਠੀ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੌਕੇ 'ਤੇ ਮੌਜੂਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ।
ਜਾਣਕਾਰੀ ਅਨੁਸਾਰ ਸਵੇਰੇ ਤੋਂ ਹੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਇਕੱਠੇ ਹੋ ਗਏ ਸਨ। ਹੱਥਾਂ ਵਿੱਚ ਪਾਰਟੀ ਦੇ ਝੰਡੇ ਅਤੇ ਤਖ਼ਤੀਆਂ ਫੜ੍ਹ ਕੇ ਉਨ੍ਹਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਰਕਰਾਂ ਨੇ ਕਿਹਾ ਕਿ ਬਾਜਵਾ ਦਾ ਬਿਆਨ ਗਲਤ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਦੀਆਂ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਜਨਤਾ ਵੱਲੋਂ ਚੁਣੇ ਗਏ ਨੇਤਾਵਾਂ ਨੂੰ ਆਪਣੇ ਬਿਆਨਾਂ ਵਿੱਚ ਸੰਯਮ ਵਰਤਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਰੀ ਰਹੀ ਤਾਂ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਪ੍ਰਦਰਸ਼ਨ ਦੌਰਾਨ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣਿਆ, ਪਰ ਪੁਲਿਸ ਨੇ ਸਥਿਤੀ ਨੂੰ ਸ਼ਾਂਤੀਪੂਰਵਕ ਕਾਬੂ ਵਿੱਚ ਰੱਖਿਆ। ਪ੍ਰਸ਼ਾਸਨ ਵੱਲੋਂ ਵਰਕਰਾਂ ਨੂੰ ਸਮਝਾ ਕੇ ਵਾਪਸ ਭੇਜਿਆ ਗਿਆ ਅਤੇ ਕੋਈ ਅਣਚਾਹੀ ਘਟਨਾ ਨਹੀਂ ਵਾਪਰੀ।
ਇਸ ਮੌਕੇ ਜਗਰੂਪ ਸਿੰਘ ਸੇਖਵਾਂ, ਅਮਰਪਾਲ ਸਿੰਘ, ਕਾਮਰੇਡ ਗੁਰਮੇਜ ਸਿੰਘ, ਡਾ. ਕਾਲੀਆ, ਬਬੀਤਾ ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ।

Post a Comment

© Qadian Times. All rights reserved. Distributed by ASThemesWorld