| ਮ੍ਰਿਤਕ ਦੀ ਫ਼ਾਈਲ ਤਸਵੀਰ, ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ। (ਜ਼ੀਸ਼ਾਨ) |
ਕਾਦੀਆਂ, 9 ਫਰਵਰੀ (ਜ਼ੀਸ਼ਾਨ) – ਪਿੰਡ ਤਿੱਬੜ ਵਿੱਚ ਚਾਰ ਮਰਲਿਆਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੇ ਉਦੇਸ਼ ਨਾਲ ਕੁਝ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪਡੋਰੀ ਅਤੇ ਯੂਨੀਅਨ ਦੇ ਯੂਥ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਡੇਵਿਡ ਮਸੀਹ ਤਿੱਬੜ ਲੰਮੇ ਸਮੇਂ ਤੋਂ ਯੂਨੀਅਨ ਨਾਲ ਮਿਲ ਕੇ ਬੇਜ਼ਮੀਨੇ ਲੋਕਾਂ ਦੇ ਮਸਲਿਆਂ ਲਈ ਸੰਘਰਸ਼ ਕਰਦਾ ਆ ਰਿਹਾ ਸੀ। ਉਨ੍ਹਾਂ ਨੇ ਲਗਭਗ 20 ਸਾਲ ਪਹਿਲਾਂ ਆਪਣੇ ਪਿੰਡ ਤਿੱਬੜ ਵਿੱਚ ਬੇਜ਼ਮੀਨੇ ਇਸਾਈ ਭਾਈਚਾਰੇ ਲਈ ਗੜਿਆਂ ਦੀ ਵਰਤੋਂ ਵਾਸਤੇ ਚਾਰ ਮਰਲਿਆਂ ਦੀ ਜ਼ਮੀਨ ਬੜੀ ਜੱਦੋ-ਜਹਿਦ ਤੋਂ ਬਾਅਦ ਪੰਚਾਇਤ ਕੋਲੋਂ ਪ੍ਰਾਪਤ ਕਰਵਾਈ ਸੀ। ਲੰਮੇ ਸੰਘਰਸ਼ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਅਧੀਨ ਉਸ ਜ਼ਮੀਨ 'ਤੇ ਇਸਾਈ ਭਾਈਚਾਰੇ ਨੂੰ ਕਬਜ਼ਾ ਵੀ ਦਿਵਾਇਆ ਗਿਆ ਸੀ।
ਆਗੂਆਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਅਤੇ ਉਨ੍ਹਾਂ ਨੇ ਬੇਜ਼ਮੀਨੇ ਲੋਕਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰ ਰਹੇ ਡੇਵਿਡ ਮਸੀਹ ਦੀ ਹੱਤਿਆ ਕਰ ਦਿੱਤੀ। ਡੇਵਿਡ ਮਸੀਹ ਦੇ ਜਨਾਜ਼ੇ 'ਤੇ ਪੁੱਜੇ ਆਗੂਆਂ ਨੇ ਕਿਹਾ ਕਿ ਉਹ ਬੇਜ਼ਮੀਨੇ ਲੋਕਾਂ ਦੇ ਜ਼ਮੀਨੀ ਹੱਕਾਂ ਲਈ ਲੜਦਾ ਹੋਇਆ ਸ਼ਹੀਦ ਹੋਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਵੇਂ ਤਿੱਬੜ ਥਾਣੇ ਵਿੱਚ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਪੀੜਤ ਪਰਿਵਾਰ ਨਾਲ ਸਲਾਹ ਕਰਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।