ਕਾਦੀਆਂ, 10 ਫਰਵਰੀ (ਜ਼ੀਸ਼ਾਨ) – ਅੱਜ ਕਾਦੀਆਂ ਵਿੱਚ ਗੁਰਦਾਸਪੁਰ ਡਰੱਗ ਟੀਮ ਵੱਲੋਂ ਵੱਖ-ਵੱਖ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ ਕਰਕੇ ਸਖ਼ਤ ਜਾਂਚ ਕੀਤੀ ਗਈ। ਸੂਤਰਾਂ ਮੁਤਾਬਕ ਟੀਮ ਨੇ ਸ਼ਹਿਰ ਦੇ ਕਈ ਮੈਡੀਕਲ ਸਟੋਰਾਂ ਦਾ ਦੌਰਾ ਕਰਦੇ ਹੋਏ ਦਵਾਈਆਂ ਦੇ ਬਿਲ, ਸਟਾਕ ਅਤੇ ਹੋਰ ਸੰਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ।
ਦੱਸਿਆ ਜਾਂਦਾ ਹੈ ਕਿ ਜਾਂਚ ਟੀਮ ਦੇ ਆਉਣ ਦੀ ਸੂਚਨਾ ਮਿਲਦੇ ਹੀ ਕੁਝ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਚਲੇ ਗਏ।
ਇਸ ਸਬੰਧੀ ਜਦੋਂ ਕਾਦੀਆਂ ਮੈਡੀਕਲ ਸਟੋਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰਪਾਲ ਸਿੰਘ ‘ਸੁੱਖ ਮੈਡੀਕੋ’ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਤੋਂ ਆਈ ਡਰੱਗ ਟੀਮ ਨੇ ਕਾਦੀਆਂ ਦੇ ਕੁਝ ਮੈਡੀਕਲ ਸਟੋਰਾਂ ਵਿੱਚ ਜਾ ਕੇ ਬਿਲਾਂ ਅਤੇ ਦਵਾਈਆਂ ਦੀ ਜਾਂਚ ਕੀਤੀ ਅਤੇ ਦੁਕਾਨਦਾਰਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।
ਉਧਰ, ਟੀਮ ਵੱਲੋਂ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸਾਰੇ ਮੈਡੀਕਲ ਸਟੋਰ ਨਿਯਮਾਂ ਅਨੁਸਾਰ ਦਵਾਈਆਂ ਦਾ ਰਿਕਾਰਡ ਅਤੇ ਵਿਕਰੀ ਨਾਲ ਸੰਬੰਧਿਤ ਦਸਤਾਵੇਜ਼ ਸੁਰੱਖਿਅਤ ਰੱਖਣ। ਜੇਕਰ ਕਿਸੇ ਵੀ ਤਰ੍ਹਾਂ ਦੀ ਗੜਬੜ ਪਾਈ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਡਰੱਗ ਟੀਮ ਦੀ ਇਸ ਕਾਰਵਾਈ ਦਾ ਮਕਸਦ ਬਿਨਾਂ ਨਿਯਮਾਂ ਦੇ ਵਿਕ ਰਹੀਆਂ ਪਾਬੰਦੀਸ਼ੁਦਾ ਦਵਾਈਆਂ ‘ਤੇ ਨਕੇਲ ਕਸਣਾ ਅਤੇ ਲੋਕਾਂ ਨੂੰ ਸੁਰੱਖਿਅਤ ਦਵਾਈਆਂ ਮੁਹੱਈਆ ਕਰਵਾਉਣਾ ਦੱਸਿਆ ਜਾ ਰਿਹਾ ਹੈ। ਮੈਡੀਕਲ ਸਟੋਰ ਮਾਲਕਾਂ ਵੱਲੋਂ ਵੀ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।
