| ਸ਼ਮਸ਼ਾਨ ਘਾਟ ਤੋਂ ਮਿਲੀ ਵਿਅਕਤੀ ਦੀ ਲਾਸ਼ ਦੀ ਤਸਵੀਰ। (ਜ਼ੀਸ਼ਾਨ) |
ਕਾਦੀਆਂ, 6 ਫ਼ਰਵਰੀ (ਜ਼ੀਸ਼ਾਨ)– ਪਿੰਡ ਭੱਠੀਆਂ ਦੇ ਸ਼ਮਸਾਨ ਘਾਟ ਤੋਂ ਅੱਜ ਸਵੇਰੇ ਇੱਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਥਾਣਾ ਕਾਹਨੂੰਵਾਨ ਦੇ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਸਵੇਰੇ ਪਿੰਡ ਭੱਠੀਆਂ ਦੇ ਲੋਕਾਂ ਨੂੰ ਇੱਕ ਲਾਸ਼ ਮਿਲੀ ਸੀ, ਇਸ ਬਾਰੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਰਪੰਚ ਲਖਵਿੰਦਰਜੀਤ ਸਿੰਘ ਨੂੰ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਸਰਪੰਚ ਵੱਲੋਂ ਥਾਣੇ ਟੈਲੀਫੋਨ ਕਰਕੇ ਲਾਸ਼ ਬਾਰੇ ਜਾਣਕਾਰੀ ਦਿੱਤੀ ਗਈ, ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਇਸ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ। ਉਨਾਂ ਅੱਗੇ ਦੱਸਿਆ ਕਿ ਲਾਸ਼ ਦੀ ਪਹਿਚਾਣ ਕਾਹਨੂੰਵਾਨ ਵਾਸੀ ਤਰਸੇਮ ਮਸੀਹ ਉਰਫ ਗੋਲੀ ਪੁੱਤਰ ਅਜੀਜ ਮਸੀਹ ਵਜੋਂ ਹੋਈ ਹੈ, ਕਾਹਨੂੰਵਾਨ ਵਾਸੀਆਂ ਨੇ ਦੱਸਿਆ ਕਿ ਇਹ ਸ਼ਰਾਬ ਪੀਣ ਦਾ ਆਦੀ ਹੋਣ ਦੇ ਨਾਲ ਅਕਸਰ ਹੀ ਇਲਾਕੇ ਅੰਦਰ ਘੁੰਮਦਾ ਰਹਿੰਦਾ ਸੀ ਤੇ ਇਸ ਦੀ ਮੌਤ ਠੰਡ ਲੱਗਣ ਕਾਰਨ ਹੋਈ ਜਾਪਦੀ ਹੈ। ਬਾਕੀ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤੱਤ ਸਾਹਮਣੇ ਆਉਣ ਤੋਂ ਬਾਅਦ ਹੀ ਅਗਲੀ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।