| ਸੜਕਾਂ 'ਤੇ ਮੌਤ ਨੂੰ ਖੁੱਲ੍ਹਾ ਸੱਦਾ ਦਿੰਦਾ ਬੇਖੌਫ਼ ਦੌੜਦਾ ਵਾਹਨ। (ਜ਼ੀਸ਼ਾਨ) |
ਕਾਦੀਆਂ, 31 ਜਨਵਰੀ (ਜ਼ੀਸ਼ਾਨ)– ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਓਵਰਲੋਡਿਡ ਵਾਹਨਾਂ ਅਤੇ ਵਾਹਨਾਂ ਵਿੱਚੋਂ ਬਾਹਰ ਨਿਕਲੇ ਲੋਹੇ ਦੇ ਸਰੀਏ ਕਾਰਨ ਹਾਦਸੇ ਵਾਪਰ ਰਹੇ ਹਨ, ਜੋ ਲੋਕਾਂ ਦੀ ਜਾਨ ਲਈ ਵੱਡਾ ਖਤਰਾ ਬਣੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਸੜਕਾਂ 'ਤੇ ਅਜਿਹੇ ਵਾਹਨ ਬਿਨਾਂ ਕਿਸੇ ਚਿੰਤਾ ਦੇ ਦੌੜ ਰਹੇ ਹਨ, ਜਿਸ ਨਾਲ ਜਾਨੀ ਨੁਕਸਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਮਾਨ ਵਾਹਨਾਂ ਤੋਂ ਬਾਹਰ ਨਾ ਨਿਕਲੇ ਅਤੇ ਜੇ ਨਿਕਲੇ ਤਾਂ ਰਿਫਲੈਕਟਰ ਜਾਂ ਲਾਲ ਕੱਪੜਾ ਲਗਾਇਆ ਜਾਵੇ ਤਾਂ ਜੋ ਪਿੱਛੋਂ ਆਉਂਦੇ ਵਾਹਨ ਚਾਲਕ ਸਾਵਧਾਨ ਰਹਿ ਸਕਣ।
ਗੁਰਪ੍ਰੀਤ ਸਿੰਘ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਅਜਿਹੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਹਾਦਸਿਆਂ ਤੋਂ ਬਚਿਆ ਜਾ ਸਕੇ।