| ਗ੍ਰਿਫਤਾਰ ਕਰ ਜਾਣਕਾਰੀ ਦਿੰਦੇ ਵਿਜੀਲੈਂਸ ਅਧਿਕਾਰੀ। (ਜ਼ੀਸ਼ਾਨ) |
ਕਾਦੀਆਂ, 22 ਨਵੰਬਰ (ਜ਼ੀਸ਼ਾਨ) – ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਅਧੀਨ ਵੱਡੀ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਬਿਉਰੋ ਨੇ ਅੱਜ ਨਗਰ ਨਿਗਮ-ਕਮ-ਐਸ.ਡੀ.ਐਮ. ਬਟਾਲਾ ਵਿਕਰਮਜੀਤ ਸਿੰਘ ਪਾਂਥੇ ਨੂੰ ਸ਼ਿਕਾਇਤਕਰਤਾ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਜਾਂਚ ਦੌਰਾਨ ਮੁਲਜ਼ਮ ਦੇ ਕਬਜ਼ੇ ਤੋਂ 13,50,000 ਰੁਪਏ ਦੀ ਹੋਰ ਰਕਮ ਵੀ ਬਰਾਮਦ ਕੀਤੀ ਗਈ, ਜਿਸ ਬਾਰੇ ਉਹ ਕੋਈ ਸੰਤੋਸ਼ਜਨਕ ਸਪਸ਼ਟੀਕਰਨ ਨਹੀਂ ਦੇ ਸਕਿਆ।
ਮਾਮਲੇ ਦੀ ਪੂਰੀ ਪੱਛੋਕੜ:
ਵਿਜੀਲੈਂਸ ਬਿਉਰੋ ਬੁਲਾਰੇ ਅਨੁਸਾਰ, ਸ਼ਿਕਾਇਤਕਰਤਾ ਬਟਾਲਾ ਦਾ ਰਹਿਣ ਵਾਲਾ ਹੈ ਜਿਸ ਨੇ ਨਗਰ ਨਿਗਮ ਬਟਾਲਾ ਲਈ ਸੜਕਾਂ ਦੀ ਮੁਰੰਮਤ ਅਤੇ ਪੈਚ ਵਰਕ ਦਾ ਕੰਮ ਕੀਤਾ ਸੀ। ਉਸਦੇ ਦੋ ਬਿੱਲ 1,87,483, ਅਤੇ 1,85,369 ਕੁੱਲ 3,72,852 ਬਕਾਇਆ ਸਨ।
ਸ਼ਿਕਾਇਤਕਰਤਾ ਜਦੋਂ ਬਿੱਲ ਕਲੀਅਰ ਕਰਨ ਲਈ ਕਮਿਸ਼ਨਰ ਪਾਂਥੇ ਕੋਲ ਗਿਆ, ਤਾਂ ਉਸਨੇ 10 ਪ੍ਰਤੀਸ਼ਦ ਕਮਿਸ਼ਨ ਵਜੋਂ 37,000 ਰਿਸ਼ਵਤ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਬਟਾਲਾ ਵਿੱਚ ਇੱਕ ਲਾਈਟ ਐਂਡ ਸਾਊਂਡ ਸ਼ੋਅ ਲਈ ਵੀ ਕੰਮ ਕੀਤਾ ਸੀ, ਜਿਸ ਲਈ 1,81,543 ਦੀ ਰਕਮ ਬਕਾਇਆ ਸੀ। ਇਸ ਸਬੰਧ ਵਿੱਚ ਐਸ.ਡੀ.ਓ. ਰੋਹਿਤ ਉੱਪਲ ਨੇ ਵੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ 9 ਪ੍ਰਤੀਸ਼ਦ ਰਿਸ਼ਵਤ ਮੰਗੀ।
ਭ੍ਰਿਸ਼ਟਾਚਾਰ ਦਾ ਸਮਰਥਨ ਨਾ ਕਰਦੇ ਹੋਏ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਉਰੋ ਕੋਲ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਗੁਰਦਾਸਪੁਰ ਯੂਨਿਟ ਦੁਆਰਾ ਉਸਦਾ ਬਿਆਨ ਦਰਜ ਕੀਤਾ ਗਿਆ।
ਰਿਸ਼ਵਤ ਲੈਂਦੇ ਸਮੇਂ ਗ੍ਰਿਫਤਾਰੀ:
ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਾਲ ਵਿਛਾ ਕੇ ਵਿਕਰਮਜੀਤ ਸਿੰਘ ਪਾਂਥੇ ਨੂੰ 50 ਹਜ਼ਾਰ ਰੁਪਏ ਪ੍ਰਾਪਤ ਕਰਦੇ ਸਮੇਂ ਹੀ ਰੰਗੇ ਹੱਥੀਂ ਫੜਿਆ ਗਿਆ।
ਕਾਨੂੰਨੀ ਕਾਰਵਾਈ:
ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅੱਗੇਰੀ ਜਾਂਚ ਜਾਰੀ ਹੈ।