![]() |
| ਕਿਸਾਨ ਆਗੂ ਗੁਰਸ਼ੇਰ ਸਿੰਘ |
ਕਾਦੀਆਂ, 23 ਨਵੰਬਰ (ਜ਼ੀਸ਼ਾਨ) – ਕਿਸਾਨ ਆਗੂ ਗੁਰਸ਼ੇਰ ਸਿੰਘ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਇਕ ਵਾਰ ਫਿਰ ਉਭਾਰਦੇ ਹੋਏ ਕਿਹਾ ਹੈ ਕਿ ਬਟਾਲਾ ਅਜੇ ਵੀ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ ਅਤੇ ਇਸਨੂੰ ਇੱਕ ਸੁਤੰਤਰ ਜ਼ਿਲ੍ਹਾ ਬਣਾਇਆ ਜਾਣਾ ਸਮੇਂ ਦੀ ਲੋੜ ਹੈ।
ਗੁਰਸ਼ੇਰ ਸਿੰਘ ਨੇ ਕਿਹਾ ਕਿ ਸਤੰਬਰ 2021 ਵਿੱਚ ਬਟਾਲਾ ਨੂੰ ਪੰਜਾਬ ਦਾ 24ਵਾਂ ਜ਼ਿਲ੍ਹਾ ਘੋਸ਼ਿਤ ਕਰਨ ਦਾ ਸਰਕਾਰੀ ਪ੍ਰਸਤਾਵ ਰੱਖਿਆ ਗਿਆ ਸੀ, ਪਰ ਅੰਦਰੂਨੀ ਰਾਜਨੀਤਿਕ ਮਤਭੇਦਾਂ ਕਾਰਨ ਇਸਨੂੰ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਸਰਕਾਰ ਵੱਲੋਂ ਕੋਈ ਨਵੀਂ ਘੋਸ਼ਣਾ ਨਹੀਂ ਕੀਤੀ ਗਈ, ਜਿਸ ਕਾਰਨ ਮਾਮਲਾ ਅਣਿਸ਼ਚਿਤ ਬਣਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਬਟਾਲਾ ਧਾਰਮਿਕ, ਇਤਿਹਾਸਕ ਅਤੇ ਉਦਯੋਗਿਕ ਪੱਖੋਂ ਇੱਕ ਮਹੱਤਵਪੂਰਨ ਸਥਾਨ ਹੈ। ਸ਼ਹਿਰ ਵਿੱਚ ਵੱਡੀ ਆਬਾਦੀ, ਭਾਰੀ ਕਾਰੋਬਾਰ, ਭਾਰਤੀ ਫੌਜ ਲਈ ਖਾਸ ਮਹੱਤਵ, ਵੱਡੀਆਂ ਮੰਡੀਆਂ ਅਤੇ ਧਾਰਮਿਕ ਧਰੋਹਰਾਂ ਦੇ ਬਾਵਜੂਦ ਵੀ ਜ਼ਿਲ੍ਹਾ ਦਰਜਾ ਨਾ ਮਿਲਣਾ ਇਲਾਕੇ ਨਾਲ ਅਣਨਿਆਏ ਦੇ ਬਰਾਬਰ ਹੈ।
ਕਿਸਾਨ ਆਗੂ ਗੁਰਸ਼ੇਰ ਸਿੰਘ ਨੇ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣਾ ਸਿਰਫ਼ ਜਜ਼ਬਾਤੀ ਮੰਗ ਨਹੀਂ, ਬਲਕਿ ਇੱਕ ਪ੍ਰਸ਼ਾਸਨਿਕ ਜ਼ਰੂਰਤ ਹੈ। ਜੇ ਇਹ ਇਲਾਕਾ ਜ਼ਿਲ੍ਹਾ ਬਣ ਜਾਂਦਾ ਹੈ ਤਾਂ ਕਿਸਾਨਾਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਸਹੂਲਤਾਂ ਨਜ਼ਦੀਕ ਮਿਲਣਗੀਆਂ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪ੍ਰਸਤਾਵ ਨੂੰ ਮੁੜ ਜਾਰੀ ਕਰਕੇ ਬਟਾਲਾ ਨੂੰ ਜ਼ਿਲ੍ਹਾ ਘੋਸ਼ਿਤ ਕੀਤਾ ਜਾਵੇ।
