![]() |
| ਕਾਦੀਆਂ-ਹਰਚੋਵਾਲ ਰੋਡ 'ਤੇ ਸੜਕ ਕਿਨਾਰੇ ਲੱਗੀ ਅੱਗ ਅਤੇ ਧੂੰਏਂ ਨਾਲ ਪ੍ਰਭਾਵਿਤ ਆਵਾਜਾਈ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 6 ਜੂਨ (ਜ਼ੀਸ਼ਾਨ): ਕਾਦੀਆਂ-ਹਰਚੋਵਾਲ ਰੋਡ 'ਤੇ ਪਿੰਡ ਢਪਈ ਮੋੜ ਨੇੜੇ ਸੜਕ ਕਿਨਾਰੇ ਲੱਗੀ ਅੱਗ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਗ ਤੋਂ ਉੱਠ ਰਹੇ ਸੰਘਣੇ ਧੂੰਏਂ ਕਾਰਨ ਸੜਕ 'ਤੇ ਦਿੱਖਨਾ ਘੱਟ ਹੋ ਗਿਆ, ਜਿਸ ਨਾਲ ਹਾਦਸਾ ਵਾਪਰਨ ਦਾ ਖ਼ਤਰਾ ਬਣਿਆ ਰਿਹਾ।
ਸਥਾਨਕ ਲੋਕਾਂ ਅਨੁਸਾਰ ਕਿਸੇ ਵਿਅਕਤੀ ਵੱਲੋਂ ਖੇਤ ਦੇ ਕਿਨਾਰੇ ਅੱਗ ਲਗਾਈ ਗਈ ਸੀ, ਜਿਸ ਦਾ ਧੂੰਆਂ ਕਾਫ਼ੀ ਦੇਰ ਤੱਕ ਸੜਕ 'ਤੇ ਫੈਲਿਆ ਰਿਹਾ। ਰਾਹਗੀਰਾਂ ਨੇ ਦੱਸਿਆ ਕਿ ਧੂੰਆਂ ਇੰਨਾ ਜ਼ਿਆਦਾ ਸੀ ਕਿ ਸਾਹਮਣੇ ਤੋਂ ਆ ਰਹੇ ਵਾਹਨ ਵੀ ਨਜ਼ਰ ਨਹੀਂ ਆ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਰੁਕਣਾ ਪਿਆ।
ਲੋਕਾਂ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਘਟਨਾਵਾਂ ਕਾਰਨ ਨਾ ਸਿਰਫ਼ ਆਵਾਜਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਦਰੱਖਤਾਂ 'ਤੇ ਬਣੇ ਪੰਛੀਆਂ ਦੇ ਆਲ੍ਹਣੇ ਅਤੇ ਹੋਰ ਜੀਵ-ਜੰਤੂ ਵੀ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅੱਗ ਲਗਾਉਣ ਕਾਰਨ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ।
ਸਥਾਨਕ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
