![]() |
| ਕਾਦੀਆਂ ਮਾਰਕੀਟ ਕਮੇਟੀ ਵਿਖੇ ਬੰਦ ਪਏ ਪੱਖਿਆਂ ਦਾ ਦ੍ਰਿਸ਼। (ਜ਼ੀਸ਼ਾਨ) |
ਕਾਦੀਆਂ, 2 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਦੂਜੇ ਦਿਨ ਮਾਰਕੀਟ ਕਮੇਟੀ ਕਾਦੀਆਂ ਵਿਖੇ ਬਣਾਏ ਗਏ ਨਾਮਜ਼ਦਗੀ ਕੇਂਦਰ 'ਤੇ ਬਦਇੰਤਜ਼ਾਮੀ ਦੇ ਦੋਸ਼ ਸਾਹਮਣੇ ਆਏ ਹਨ। ਭਾਰੀ ਗਰਮੀ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਅਤੇ ਹੋਰ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਨਾਮਜ਼ਦਗੀ ਕੇਂਦਰ ਵਿੱਚ ਆਏ ਲੋਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਨਹੀਂ ਸਨ। ਇਸ ਤੋਂ ਇਲਾਵਾ ਸਖ਼ਤ ਗਰਮੀ ਵਿੱਚ ਮਾਰਕੀਟ ਕਮੇਟੀ ਦੇ ਕਈ ਪੱਖੇ ਬੰਦ ਪਏ ਹੋਣ ਕਾਰਨ ਗਰਮੀ ਤੋਂ ਰਾਹਤ ਨਹੀਂ ਮਿਲ ਸਕੀ। ਗਰਮੀ ਕਾਰਨ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਖਾਸੀ ਪਰੇਸ਼ਾਨੀ ਝੱਲਣੀ ਪਈ।
ਲੋਕਾਂ ਨੇ ਦੱਸਿਆ ਕਿ ਬਾਥਰੂਮਾਂ ਦੀ ਸਫ਼ਾਈ ਵੀ ਸੰਤੋਸ਼ਜਨਕ ਨਹੀਂ ਸੀ, ਜਿਸ ਕਾਰਨ ਉੱਥੇ ਬਦਬੂ ਫੈਲੀ ਹੋਈ ਸੀ। ਇਸ ਦੇ ਨਾਲ ਹੀ ਮਾਰਕੀਟ ਕਮੇਟੀ ਦੀ ਇਮਾਰਤ ਦੀ ਸਾਂਭ-ਸੰਭਾਲ ਦੀ ਘਾਟ ਵੀ ਸਾਫ਼ ਨਜ਼ਰ ਆਈ। ਕਈ ਥਾਵਾਂ 'ਤੇ ਜਾਲੇ ਲੱਗੇ ਹੋਏ ਸਨ ਅਤੇ ਇਮਾਰਤ ਦੇ ਅੰਦਰੂਨੀ ਹਿੱਸੇ ਦੀ ਹਾਲਤ ਵੀ ਠੀਕ ਨਹੀਂ ਸੀ।
ਦੂਜੇ ਪਾਸੇ ਚੋਣੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਲਿਸ ਵੱਲੋਂ ਸੁਰੱਖਿਆ ਦੇ ਤਾਂ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪਰ ਉੱਚ ਅਧਿਕਾਰੀ ਡਿਊਟੀ ਤੇ ਮੌਜੂਦ ਅਧੀਕਾਰੀਆਂ ਨੂੰ ਸਮਰਥਕਾਂ ਅਤੇ ਪੱਤਰਕਾਰਾਂ ਚ ਫ਼ਰਕ ਕਰਨਾ ਦੱਸਣੋਂ ਭੁੱਲ ਗਏ।
ਨਾਮਜ਼ਦਗੀ ਕੇਂਦਰ 'ਤੇ ਪਹੁੰਚੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਬਿਹਤਰ ਪ੍ਰਬੰਧ ਯਕੀਨੀ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
