ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਮੁਕਾਬਲੇ ਕਰਵਾਏ, ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ

Uploaded Image
ਗੁਰਦੁਆਰਾ ਹਰਿ ਕਾ ਤੀਰਥ, ਬਸਰਾਏ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੇਵਾਦਾਰ। (ਜ਼ੀਸ਼ਾਨ)

ਕਾਦੀਆਂ, 30 ਜੂਨ (ਜ਼ੀਸ਼ਾਨ): ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਗੁਰਦੁਆਰਾ ਹਰਿ ਕਾ ਤੀਰਥ, ਬਸਰਾਏ ਵਿਖੇ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਦੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿੱਚ ਕਰੀਬ 50 ਵਿਦਿਆਰਥੀਆਂ ਨੇ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਗੀਤ, ਕਵੀਸ਼ਰੀ, ਭਾਸ਼ਣ ਅਤੇ ਚਾਰਟ ਮੇਕਿੰਗ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ, ਉਪਦੇਸ਼ਾਂ, ਕਾਰਜਾਂ ਅਤੇ ਸ਼ਹੀਦੀ ਦੇ ਇਤਿਹਾਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਸਾਹਮਣੇ ਪੇਸ਼ ਕੀਤਾ।
ਮੁਕਾਬਲਿਆਂ ਵਿੱਚ ਸ਼ਬਦ ਗਾਇਨ ਵਿੱਚ ਜਸਮੀਨ ਕੌਰ ਅਤੇ ਗੁਰਮਨ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਭਾਸ਼ਣ ਮੁਕਾਬਲੇ ਵਿੱਚ ਰੀਹਾ ਪਹਿਲੇ ਸਥਾਨ 'ਤੇ ਰਹੀ, ਕਵਿਤਾ ਮੁਕਾਬਲੇ ਵਿੱਚ ਕਮਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਕਵੀਸ਼ਰੀ ਵਿੱਚ ਮੋਹਦੀਪ ਸਿੰਘ ਅਤੇ ਗੁਰਨੂਰ ਸਿੰਘ ਪਹਿਲੇ ਰਹੇ। ਚਾਰਟ ਮੇਕਿੰਗ ਮੁਕਾਬਲੇ ਵਿੱਚ ਪਵਨਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਮੈਡਲ ਅਤੇ ਕਾਪੀਆਂ ਭੇਟ ਕੀਤੀਆਂ ਗਈਆਂ।
ਸਮਾਗਮ ਦੌਰਾਨ ਕਥਾਵਾਚਕ ਹਰਪ੍ਰੀਤ ਸਿੰਘ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਇਤਿਹਾਸ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਗੁਰਦੁਆਰਾ ਹਰਿ ਕਾ ਤੀਰਥ ਕਮੇਟੀ ਦੇ ਪ੍ਰਧਾਨ  ਨਿਰਮਲ ਸਿੰਘ ਕਾਹਲੋਂ ਨੇ ਯੁਵਕ ਸੇਵਾਵਾਂ ਕਲੱਬ ਬਸਰਾਏ ਵੱਲੋਂ ਸਮੇਂ-ਸਮੇਂ 'ਤੇ ਕਰਵਾਏ ਜਾ ਰਹੇ ਸਮਾਜਿਕ ਅਤੇ ਧਾਰਮਿਕ ਕਾਰਜਾਂ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਕਲੱਬ ਦੇ ਸਰਪ੍ਰਸਤ ਦਿਲਬਾਗ ਸਿੰਘ ਬਸਰਾਵਾਂ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਸ਼ਰਦਾਈ ਦੀ ਸੇਵਾ ਵੀ ਨਿਰੰਤਰ ਚਲਦੀ ਰਹੀ। ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕ ਹਰਸਿਮਰਨ ਸਿੰਘ ਨੇ ਨਿਭਾਈ।
ਇਸ ਮੌਕੇ ਅਧਿਆਪਕ ਗੁਰਸੇਵਕ ਸਿੰਘ, ਕਲੱਬ ਪ੍ਰਧਾਨ ਸੰਦੀਪ ਸਿੰਘ ਬਾਜਵਾ, ਜਸਵੰਤ ਸਿੰਘ ਰੰਧਾਵਾ, ਬਲਵਿੰਦਰ ਸਿੰਘ ਪ੍ਰਧਾਨ, ਸਰਪੰਚ ਸਤਨਾਮ ਸਿੰਘ, ਅਜੈਬ ਸਿੰਘ, ਜੱਸਾ ਸਿੰਘ ਮਿਸਤਰੀ, ਬਾਬਾ ਰਾਜਵਿੰਦਰ ਸਿੰਘ ਰਾਜੂ, ਚਰਨਜੀਤ ਸਿੰਘ, ਬਿੱਟੂ, ਸਤਨਾਮ ਸਿੰਘ, ਕਲੱਬ ਦੇ ਸਲਾਹਕਾਰ ਗੁਰਸੇਵਕ ਸਿੰਘ ਅਤੇ ਪਿੰਡ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld