ਮੁੱਖ ਮੰਤਰੀ ਭਗਵੰਤ ਮਾਨ ਦੇ ਅੱਜ ਕਾਦੀਆਂ ਦੌਰੇ ਦੀਆਂ ਤਿਆਰੀਆਂ ਅੰਤਿਮ ਪੜਾਅ ਵਿੱਚ, ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦਾ ਲਿਆ ਜਾਇਜ਼ਾ


Uploaded Image
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਗੁਰਇਕਬਾਲ ਸਿੰਘ ਮਾਹਲ ਪ੍ਰੋਗਰਾਮ ਸਥਾਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ। (ਜ਼ੀਸ਼ਾਨ)

ਕਾਦੀਆਂ, 27 ਜੂਨ (ਜ਼ੀਸ਼ਾਨ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅੱਜ 28 ਜੂਨ ਨੂੰ ਹੋਣ ਵਾਲੇ ਕਾਦੀਆਂ ਦੌਰੇ ਨੂੰ ਲੈ ਕੇ ਪ੍ਰਸ਼ਾਸਨਿਕ ਅਤੇ ਪੁਲਿਸ ਤਿਆਰੀਆਂ ਅੰਤਿਮ ਪੜਾਅ ਵਿੱਚ ਪਹੁੰਚ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਸਥਾਨ 'ਤੇ ਸਾਰੀਆਂ ਲੋੜੀਂਦੀਆਂ ਵਿਵਸਥਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਦਕਿ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਏ.ਡੀ.ਸੀ. (ਜਨਰਲ) ਗੁਰਸਿਮਰਤ ਸਿੰਘ ਢਿੱਲੋਂ, ਸਹਾਇਕ ਕਮਿਸ਼ਨਰ ਕੁਲਦੀਪ ਚੰਦ, ਐੱਸ.ਡੀ.ਐੱਮ. ਸਾਰੰਗਪ੍ਰੀਤ ਸਿੰਘ ਅਤੇ ਡੀ.ਪੀ.ਆਰ.ਓ. ਹਰਜਿੰਦਰ ਸਿੰਘ ਕਲਸੀ ਨੇ ਪ੍ਰੋਗਰਾਮ ਸਥਾਨ, ਹੈਲੀਕਾਪਟਰ ਲੈਂਡਿੰਗ ਸਥਾਨ ਅਤੇ ਹਲਕਾ ਕਾਦੀਆਂ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਦੀ ਰਿਹਾਇਸ਼ ਦਾ ਦੌਰਾ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ।
ਸੱਤਾ ਧਾਰੀ ਪਾਰਟੀ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਮੁੱਖ ਮੰਤਰੀ ਦੇ ਦੌਰੇ ਨੂੰ ਲੈ ਕੇ ਪੂਰੇ ਖੇਤਰ ਵਿੱਚ ਭਾਰੀ ਉਤਸ਼ਾਹ ਹੈ ਅਤੇ ਵੱਡੀ ਗਿਣਤੀ ਵਿੱਚ ਵਰਕਰ ਉਨ੍ਹਾਂ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਨੇਤ੍ਰਿਤਵ ਹੇਠ ਕਾਦੀਆਂ ਹਲਕੇ ਦੇ ਲੰਬਿਤ ਵਿਕਾਸ ਕਾਰਜਾਂ ਨੂੰ ਰਫ਼ਤਾਰ ਮਿਲੇਗੀ ਅਤੇ ਕਾਦੀਆਂ ਨੂੰ ਸਬ-ਡਿਵੀਜ਼ਨ ਦਾ ਦਰਜਾ ਦੇਣ ਦੀ ਮੰਗ ਵੀ ਪ੍ਰਮੁੱਖਤਾ ਨਾਲ ਰੱਖੀ ਜਾਵੇਗੀ।
ਡੀ.ਐੱਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਲਈ 2 ਐੱਸ.ਪੀ., 6 ਡੀ.ਐੱਸ.ਪੀ. ਸਮੇਤ ਕਰੀਬ 421 ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪ੍ਰੋਗਰਾਮ ਸਥਾਨ, ਹੈਲੀਕਾਪਟਰ ਲੈਂਡਿੰਗ ਸਥਾਨ, ਵੀ.ਆਈ.ਪੀ. ਰੂਟ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।


Post a Comment

© Qadian Times. All rights reserved. Distributed by ASThemesWorld