![]() |
| ਕਾਦੀਆਂ ਵਿੱਚ ਪਲਸ ਪੋਲੀਓ ਮੁਹਿੰਮ ਦੌਰਾਨ ਛੋਟੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਂਦੀਆਂ ਸਿਹਤ ਵਿਭਾਗ ਦੀਆਂ ਟੀਮਾਂ। (ਜ਼ੀਸ਼ਾਨ) |
ਕਾਦੀਆਂ, 28 ਜੂਨ (ਜ਼ੀਸ਼ਾਨ): ਸਿਵਲ ਹਸਪਤਾਲ ਕਾਦੀਆਂ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸ.ਐੱਮ.ਓ.) ਡਾ. ਸੰਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਐਤਵਾਰ ਨੂੰ ਪਲਸ ਪੋਲੀਓ ਮੁਹਿੰਮ ਤਹਿਤ ਕਾਦੀਆਂ ਦੇ ਵੱਖ-ਵੱਖ ਇਲਾਕਿਆਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੱਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਵੱਖ-ਵੱਖ ਬੂਥਾਂ ਅਤੇ ਥਾਵਾਂ 'ਤੇ ਜਾ ਕੇ ਬੱਚਿਆਂ ਨੂੰ ਪੋਲੀਓ ਦੀ ਖੁਰਾਕ ਦਿੱਤੀ ਗਈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਲਾਜ਼ਮੀ ਤੌਰ 'ਤੇ ਪੋਲੀਓ ਬੂੰਦਾਂ ਪਿਲਾਉਣ, ਤਾਂ ਜੋ ਕੋਈ ਵੀ ਬੱਚਾ ਇਸ ਜੀਵਨ ਰੱਖਿਆ ਮੁਹਿੰਮ ਤੋਂ ਵਾਂਝਾ ਨਾ ਰਹੇ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਬੱਚਾ ਕਿਸੇ ਕਾਰਨ ਕਰਕੇ ਅੱਜ ਪੋਲੀਓ ਬੂੰਦਾਂ ਪੀਣ ਤੋਂ ਰਹਿ ਜਾਂਦਾ ਹੈ ਤਾਂ ਮਾਪੇ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾਂ ਪਲਸ ਪੋਲੀਓ ਬੂਥ 'ਤੇ ਜਾ ਕੇ ਉਸ ਨੂੰ ਬੂੰਦਾਂ ਜ਼ਰੂਰ ਪਿਲਾਉਣ।
ਡਾਕਟਰਾਂ ਨੇ ਦੱਸਿਆ ਕਿ ਪੋਲੀਓ ਇੱਕ ਗੰਭੀਰ ਅਤੇ ਅਪਾਹਜਤਾ ਦਾ ਕਾਰਨ ਬਣਨ ਵਾਲੀ ਬਿਮਾਰੀ ਹੈ, ਜਿਸ ਦਾ ਕੋਈ ਪੱਕਾ ਇਲਾਜ ਨਹੀਂ ਹੈ। ਇਸ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਸਮੇਂ-ਸਮੇਂ 'ਤੇ ਪਲਸ ਪੋਲੀਓ ਮੁਹਿੰਮ ਦੌਰਾਨ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜਿਨ੍ਹਾਂ ਬੱਚਿਆਂ ਨੂੰ ਪਹਿਲਾਂ ਨਿਯਮਿਤ ਟੀਕਾਕਰਨ ਦੌਰਾਨ ਪੋਲੀਓ ਦੇ ਟੀਕੇ ਲੱਗ ਚੁੱਕੇ ਹਨ, ਉਨ੍ਹਾਂ ਨੂੰ ਵੀ ਹਰ ਪਲਸ ਪੋਲੀਓ ਮੁਹਿੰਮ ਦੌਰਾਨ ਪੋਲੀਓ ਬੂੰਦਾਂ ਜ਼ਰੂਰ ਪਿਲਾਈਆਂ ਜਾਣੀਆਂ ਚਾਹੀਦੀਆਂ ਹਨ।
ਇਸ ਮੌਕੇ ਡਾ. ਪੱਲਵੀ, ਕੁਲਦੀਪ ਕੁਮਾਰ, ਏ.ਐੱਨ.ਐੱਮ., ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜ਼ਰ ਸਨ।
