ਕਾਦੀਆਂ ਨਗਰ ਕੌਂਸਲ ਚੋਣਾਂ: 38 ਉਮੀਦਵਾਰਾਂ ਨੇ ਵਾਪਸ ਲਏ ਨਾਮਜ਼ਦਗੀ ਪੱਤਰ, 53 ਉਮੀਦਵਾਰਾਂ ਵਿੱਚ ਹੋਵੇਗਾ ਮੁਕਾਬਲਾ, 1 ਬਿਨਾਂ ਮੁਕਾਬਲਾ ਜੇਤੂ

Uploaded Image
ਕਾਦੀਆਂ ਵਿੱਚ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫ਼ਸਰ ਸੁਪਨੰਦਨਦੀਪ ਕੌਰ ਉੱਪਲ ਆਦਿ। (ਜ਼ੀਸ਼ਾਨ)

ਕਾਦੀਆਂ, 5 ਜੂਨ (ਜ਼ੀਸ਼ਾਨ): ਕਾਦੀਆਂ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਚੋਣੀ ਤਸਵੀਰ ਕਾਫ਼ੀ ਹੱਦ ਤੱਕ ਸਪੱਸ਼ਟ ਹੋ ਗਈ ਹੈ। ਪਹਿਲਾਂ ਕੁੱਲ 93 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ ਇੱਕ ਉਮੀਦਵਾਰ ਦੇ ਕਾਗਜ਼ ਅਧੂਰੇ ਪਾਏ ਜਾਣ ਕਾਰਨ ਰੱਦ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ 92 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਸੁਪਨੰਦਨਦੀਪ ਕੌਰ ਉੱਪਲ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖਰੀ ਦਿਨ 38 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ। ਇਸ ਦੇ ਨਤੀਜੇ ਵਜੋਂ ਹੁਣ 54 ਉਮੀਦਵਾਰ ਚੋਣ ਮੈਦਾਨ ਵਿੱਚ ਬਚੇ ਹਨ। ਇਨ੍ਹਾਂ ਵਿੱਚੋਂ ਵਾਰਡ ਨੰਬਰ 6 ਤੋਂ ਆਜ਼ਾਦ ਉਮੀਦਵਾਰ ਅਤਿਆ ਤੁਲ ਵਹੀਦ ਤਾਹਿਰਾ ਨੂੰ ਬਿਨਾਂ ਮੁਕਾਬਲਾ ਜੇਤੂ ਐਲਾਨ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਦੇ ਮੁਕਾਬਲੇ ਕਿਸੇ ਵੀ ਹੋਰ ਪਾਰਟੀ ਦਾ ਉਮੀਦਵਾਰ ਮੈਦਾਨ ਵਿੱਚ ਨਹੀਂ ਸੀ।
ਇਸ ਤਰ੍ਹਾਂ ਹੁਣ 13 ਜੂਨ ਨੂੰ 14 ਵਾਰਡਾਂ ਵਿੱਚ ਹੋਣ ਵਾਲੀ ਵੋਟਿੰਗ ਦੌਰਾਨ ਕੁੱਲ 53 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ।
ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਦੇ 14, ਕਾਂਗਰਸ ਦੇ 13, ਸ਼੍ਰੋਮਣੀ ਅਕਾਲੀ ਦਲ ਦੇ 12, ਭਾਰਤੀ ਜਨਤਾ ਪਾਰਟੀ ਦੇ 6 ਅਤੇ 8 ਆਜ਼ਾਦ ਉਮੀਦਵਾਰ ਸ਼ਾਮਲ ਹਨ।
ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣੀ ਸਰਗਰਮੀਆਂ ਹੋਰ ਵਧਣ ਦੀ ਸੰਭਾਵਨਾ ਹੈ।

Post a Comment

© Qadian Times. All rights reserved. Distributed by ASThemesWorld