ਕਾਦੀਆਂ ਵਿੱਚ ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ, ਲੋਕਾਂ ਨੇ ਚੋਣ ਬਾਈਕਾਟ ਦੀ ਦਿੱਤੀ ਚਿਤਾਵਨੀ

Uploaded Image
ਕਾਦੀਆਂ ਦੇ ਵੱਖ-ਵੱਖ ਇਲਾਕਿਆਂ ਵਿੱਚ ਗੰਦਗੀ ਅਤੇ ਖ਼ਰਾਬ ਸੜਕਾਂ ਕਾਰਨ ਪਰੇਸ਼ਾਨ ਲੋਕਾ ਗਲੀਆਂ ਦਾ ਦ੍ਰਿਸ਼ ਵਿਖਾਉਂਦਿਆਂ। (ਜ਼ੀਸ਼ਾਨ)

ਕਾਦੀਆਂ, 6 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਚੋਣਾਂ ਤੋਂ ਪਹਿਲਾਂ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ, ਸਫ਼ਾਈ ਅਤੇ ਟੁੱਟੀਆਂ ਸੜਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕੁੱਝ ਮੁਹੱਲਾ ਵਸਨੀਕਾਂ ਦਾ ਕਹਿਣਾ ਹੈ ਕਿ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੁੱਟਰ ਰੋਡ ਦੇ ਵਸਨੀਕਾਂ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਸੜਕ ਕਿਨਾਰੇ ਪਏ ਕੂੜੇ ਦੇ ਡੰਪ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੂੜੇ ਤੋਂ ਉੱਠ ਰਹੀ ਬਦਬੂ ਅਤੇ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਮੰਗ ਪੱਤਰ 'ਤੇ ਪਰਮਜੀਤ ਸਿੰਘ, ਰੁਪਾਲੀ, ਕੈਪਟਨ ਭੁਪਿੰਦਰ ਸਿੰਘ, ਰਿਸ਼ੂ ਵਿੱਗ ਅਤੇ ਸੁਰਿੰਦਰ ਸਿੰਘ ਸਮੇਤ ਕਈ ਵਸਨੀਕਾਂ ਦੇ ਦਸਤਖ਼ਤ ਹਨ।
ਇਸੇ ਤਰ੍ਹਾਂ ਵਾਰਡ ਨੰਬਰ 15 ਦੇ ਕ੍ਰਿਸ਼ਨ ਨਗਰ ਇਲਾਕੇ ਵਿੱਚ ਛੇ ਮਹੀਨੇ ਪਹਿਲਾਂ ਪੁੱਟੀ ਗਈ ਗਲੀ ਅਜੇ ਤੱਕ ਮੁੜ ਨਹੀਂ ਬਣਾਈ ਗਈ। ਗਲੀ ਵਿੱਚ ਗੰਦਾ ਪਾਣੀ ਅਤੇ ਕੂੜਾ ਇਕੱਠਾ ਰਹਿਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਨਿਵਾਸੀਆਂ ਸਾਹਿਲ ਮਹਾਜਨ, ਸ਼ਿਵਾਂਸ਼ ਮਹਾਜਨ, ਮੰਗਲ ਅਤੇ ਜੋਗਿੰਦਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਚੋਣਾਂ ਦਾ ਬਾਈਕਾਟ ਕਰਨਗੇ।
ਵਸਨੀਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਤੋਂ ਪਹਿਲਾਂ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਸੰਭਾਵਿਤ ਸਿਹਤ ਖਤਰਿਆਂ ਤੋਂ ਬਚਿਆ ਜਾ ਸਕੇ।

Post a Comment

© Qadian Times. All rights reserved. Distributed by ASThemesWorld