![]() |
| ਦਫ਼ਤਰੀ ਕੰਮਕਾਜ ਦੌਰਾਨ ਰਿਟਰਨਿੰਗ ਅਫ਼ਸਰ ਡਾ. ਸੁਪਨੰਦਨਦੀਪ ਕੌਰ ਉੱਪਲ। (ਜ਼ੀਸ਼ਾਨ) |
ਕਾਦੀਆਂ, 5 ਜੂਨ (ਜ਼ੀਸ਼ਾਨ): ਨਗਰ ਕੌਂਸਲ ਕਾਦੀਆਂ ਚੋਣਾਂ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਡਾ. ਸੁਪਨੰਦਨਦੀਪ ਕੌਰ ਉੱਪਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਬਲਵਿੰਦਰ ਸਿੰਘ ਦੀ ਨਿਰਪੱਖ ਅਤੇ ਸੁਚਾਰੂ ਕਾਰਜਸ਼ੈਲੀ ਦੀ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ। ਚੋਣ ਪ੍ਰਕਿਰਿਆ ਦੌਰਾਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਲੈ ਕੇ ਪੜਤਾਲ ਅਤੇ ਨਾਮ ਵਾਪਸੀ ਤੱਕ ਦਾ ਸਾਰਾ ਕੰਮ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਮੁਕੰਮਲ ਹੋਇਆ।
ਚੋਣਾਂ ਦੌਰਾਨ ਕੁੱਲ 93 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚੋਂ ਕੇਵਲ ਇੱਕ ਕਵਰਿੰਗ ਉਮੀਦਵਾਰ ਦੇ ਕਾਗਜ਼ ਅਧੂਰੇ ਹੋਣ ਕਾਰਨ ਰੱਦ ਕੀਤੇ ਗਏ, ਜਦਕਿ ਬਾਕੀ ਸਾਰੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ।
ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਵੀ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪੱਖਪਾਤ ਰਹਿਤ ਦੱਸਦਿਆਂ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਕਿਸਮ ਦਾ ਵਿਵਾਦ ਜਾਂ ਹੰਗਾਮਾ ਨਹੀਂ ਹੋਇਆ ਅਤੇ ਸਾਰਾ ਕੰਮ ਨਿਯਮਾਂ ਅਨੁਸਾਰ ਸੰਪੰਨ ਹੋਇਆ।
ਡਾ. ਸੁਪਨੰਦਨਦੀਪ ਕੌਰ ਉੱਪਲ ਨੇ ਕਿਹਾ ਕਿ ਇਹ ਸਾਰਾ ਕੰਮ ਸਟਾਫ਼ ਅਤੇ ਸਹਿਯੋਗੀ ਅਧਿਕਾਰੀਆਂ ਦੇ ਸਹਿਯੋਗ ਨਾਲ ਸੁਚਾਰੂ ਢੰਗ ਨਾਲ ਪੂਰਾ ਹੋਇਆ ਹੈ ਅਤੇ 13 ਜੂਨ ਨੂੰ ਹੋਣ ਵਾਲੀ ਵੋਟਿੰਗ ਵੀ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਕਰਵਾਈ ਜਾਵੇਗੀ।
