![]() |
| ਕਾਦੀਆ ‘ਚ ਅਵਾਰਾ ਕੁੱਤਿਆਂ ਨੂੰ ਫੜਣ ਦੀ ਮੁਹਿੰਮ ਚ ਲੱਗੇ ਨਗਰ ਕੌਂਸਲ ਕਰਮਚਾਰੀ। (ਜ਼ੀਸ਼ਾਨ) |
ਕਾਦੀਆਂ, 30 ਅਪ੍ਰੈਲ (ਜ਼ੀਸ਼ਾਨ) – ਸ਼ਹਿਰ ਵਿੱਚ ਵੱਧ ਰਹੇ ਅਵਾਰਾ ਕੁੱਤਿਆਂ ਦੇ ਆਤੰਕ ਨੂੰ ਦੇਖਦਿਆਂ ਨਗਰ ਕੌਂਸਲ ਕਾਦੀਆ ਵੱਲੋਂ ਅੱਜ ਵੱਡੀ ਕਾਰਵਾਈ ਕੀਤੀ ਗਈ। ਨਗਰ ਕੌਂਸਲ ਦੀ ਵਿਸ਼ੇਸ਼ ਟੀਮ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ, ਜਿਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।
ਪਿਛਲੇ ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਲੋਕ ਪਰੇਸ਼ਾਨ ਸਨ। ਸਵੇਰੇ ਅਤੇ ਸ਼ਾਮ ਦੇ ਸਮੇਂ ਇਹ ਕੁੱਤੇ ਟੋਲੀਆਂ ਵਿੱਚ ਘੁੰਮਦੇ ਹੋਏ ਲੋਕਾਂ ‘ਤੇ ਹਮਲੇ ਕਰ ਰਹੇ ਸਨ। ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਜਿਸ ਨਾਲ ਡਰ ਦਾ ਮਾਹੌਲ ਬਣ ਗਿਆ ਸੀ।
ਸਥਾਨਕ ਵਸਨੀਕਾਂ ਮੁਤਾਬਕ, ਸਕੂਲ ਜਾਣ ਵਾਲੇ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਸਨ। ਕਈ ਮਾਮਲਿਆਂ ਵਿੱਚ ਬੱਚੇ ਕੁੱਤਿਆਂ ਦੇ ਹਮਲਿਆਂ ‘ਚ ਜ਼ਖਮੀ ਵੀ ਹੋਏ, ਜਿਸ ਨਾਲ ਮਾਪਿਆਂ ਵਿੱਚ ਚਿੰਤਾ ਵਧ ਗਈ ਸੀ। ਰਾਤ ਦੇ ਸਮੇਂ ਗਲੀ ਮੁਹੱਲਿਆਂ ਚ ਕੁੱਤਿਆਂ ਦਾ ਰਾਜ ਰਹਿੰਦਾ ਹੈ ਅਤੇ ਉਹ ਗਲੀਆਂ ਵਿੱਚ ਭੌਂਕਦੇ ਅਤੇ ਦੌੜਦੇ ਲੜ੍ਹਦੇ ਰਹਿੰਦੇ ਸਨ।
ਇਸ ਸਥਿਤੀ ਨੂੰ ਗੰਭੀਰਤਾ ਨਾਲ ਲੈਂਦਿਆਂ ਨਗਰ ਕੌਂਸਲ ਨੇ ਵਿਸ਼ੇਸ਼ ਟੀਮ ਤਾਇਨਾਤ ਕਰਕੇ ਪ੍ਰਭਾਵਿਤ ਇਲਾਕਿਆਂ ਵਿੱਚ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਨੂੰ ਸੁਰੱਖਿਅਤ ਢੰਗ ਨਾਲ ਕਾਬੂ ਕਰਕੇ ਉਚਿਤ ਸਥਾਨਾਂ ‘ਤੇ ਭੇਜਿਆ ਜਾ ਰਿਹਾ ਹੈ, ਜਿੱਥੇ ਉਨ੍ਹਾਂ ਦੀ ਸੰਭਾਲ ਅਤੇ ਟੀਕਾਕਰਨ ਕੀਤਾ ਜਾਵੇਗਾ।
ਇਸ ਮੌਕੇ ਗਗਨਦੀਪ ਸਿੰਘ, ਮੁਸਕਾਨ ਪ੍ਰਧਾਨ ਜਨਕਰਾਂਤੀ ਸੰਘ ਪੰਜਾਬ ਅਤੇ ਸੈਬੀ, ਸਾਬਕਾ ਐਮ.ਸੀ., ਨੇ ਨਗਰ ਕੌਂਸਲ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ ਅਤੇ ਅਜਿਹੀਆਂ ਮੁਹਿੰਮਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ।
ਸ਼ਹਿਰ ਦੇ ਕੁੱਝ ਵਸਨੀਕਾਂ ਉਨ੍ਹਾਂ ਦੇ ਇਲਾਕੇ ਚੋਂ ਵੀ ਕੁੱਤਿਆਂ ਨੂੰ ਫੜਨ ਦੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਲੰਬੇ ਸਮੇਂ ਤੋਂ ਉਹ ਇਸ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਰੀ ਰੱਖੀ ਜਾਵੇ ਤਾਂ ਜੋ ਸਮੱਸਿਆ ਮੁੜ ਨਾ ਉੱਭਰੇ।
