![]() |
| ਕਾਦੀਆਂ ਪੁਲਿਸ ਵੱਲੋਂ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ 5 ਨੌਜਵਾਨ ਪੁਲਿਸ ਪਾਰਟੀ ਨਾਲ। (ਜ਼ੀਸ਼ਾਨ) |
ਕਾਦੀਆਂ, 28 ਅਪ੍ਰੈਲ (ਜ਼ੀਸ਼ਾਨ) – ਨਸ਼ਿਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਥਾਣਾ ਕਾਦੀਆਂ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਵੱਖ-ਵੱਖ ਕਾਰਵਾਈਆਂ ਦੌਰਾਨ ਐਨਡੀਪੀਐਸ ਐਕਟ ਹੇਠ 5 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਦੀਆਂ ਦੇ ਐਸਐਚਓ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ ਬਟਾਲਾ ਡਾ. ਮਹਿਤਾਬ ਸਿੰਘ ਆਈ.ਪੀ.ਐਸ ਦੀਆਂ ਹਦਾਇਤਾਂ ਹੇਠ ਇਹ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਈ.ਐਸ.ਆਈ ਗੁਰਨਾਮ ਸਿੰਘ ਵੱਲੋਂ ਸੈਮੂਅਲ ਸੈਮ ਪੁੱਤਰ ਰਾਜਪਾਲ ਅਤੇ ਹਰਸਿਤ ਉਰਫ ਹਰਸ ਖੋਸਲਾ ਪੁੱਤਰ ਕੁਲਦੀਪ ਨਾਥ ਉਰਫ ਨੋਨੀ, ਦੋਵੇਂ ਵਾਸੀ ਵਾਲਮੀਕੀ ਮੁਹੱਲਾ ਕਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸੇ ਤਰ੍ਹਾਂ ਏ.ਐਸ.ਆਈ ਰਸ਼ਪਾਲ ਸਿੰਘ ਵੱਲੋਂ ਗਸ਼ਤ ਦੌਰਾਨ ਹਰਮਨ ਗਿੱਲ ਉਰਫ ਹਨੀ ਪੁੱਤਰ ਸੁਖਵਿੰਦਰ ਸਿੰਘ ਅਤੇ ਆਕਾਸ਼ਦੀਪ ਸਿੰਘ ਪੁੱਤਰ ਕੁਲਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਕੋਲੋਂ ਇੱਕ ਲਾਈਟਰ, ਸਿਲਵਰ ਪੇਪਰ ਦੀ ਜਲੀ ਹੋਈ ਪੰਨੀ ਅਤੇ 10 ਰੁਪਏ ਦਾ ਨੋਟ ਬਰਾਮਦ ਹੋਇਆ, ਜਿਸਨੂੰ ਨਸ਼ਾ ਕਰਨ ਲਈ ਪਾਈਪ ਵਜੋਂ ਵਰਤਿਆ ਜਾ ਰਿਹਾ ਸੀ।
ਇਸ ਤੋਂ ਇਲਾਵਾ ਪੁਲਿਸ ਨੇ ਗੁਰਪਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰਸੂਲਪੁਰ ਥਾਣਾ ਸੇਖਵਾਂ ਨੂੰ ਵੀ ਗ੍ਰਿਫ਼ਤਾਰ ਕੀਤਾ, ਜੋ ਐਨ.ਡੀ.ਪੀ.ਐਸ ਐਕਟ ਦੇ ਮਾਮਲੇ ਵਿੱਚ ਭਗੋੜਾ ਚੱਲ ਰਿਹਾ ਸੀ।
ਐਸ.ਐਚ.ਓ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਸਾਰੇ ਦੋਸ਼ੀਆਂ ਖ਼ਿਲਾਫ਼ ਥਾਣਾ ਕਾਦੀਆਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਨਸ਼ਾ ਤਸਕਰੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਏ.ਐਸ.ਆਈ ਰਸ਼ਪਾਲ ਸਿੰਘ, ਏ.ਐਸ.ਆਈ ਗੁਰਨਾਮ ਸਿੰਘ ਅਤੇ ਮੁੱਖ ਮੁਨਸ਼ੀ ਲਵਪ੍ਰੀਤ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।
