![]() |
| ਕਾਦੀਆਂ ਚ ਸਫ਼ਾਈ ਸੇਵਕ ਯੂਨੀਅਨ ਵੱਲੋਂ ਰੋਸ ਰੈਲੀ ਕੱਢਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਰਮਚਾਰੀ। (ਜ਼ੀਸ਼ਾਨ) |
ਕਾਦੀਆਂ, 11 ਮਈ (ਜ਼ੀਸ਼ਾਨ): ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਦੇ ਦੌਰਾਨ ਅੱਜ ਸਫ਼ਾਈ ਸੇਵਕਾਂ ਵੱਲੋਂ ਕਾਦੀਆਂ ਸ਼ਹਿਰ ਵਿੱਚ ਵੱਡੀ ਰੋਸ ਰੈਲੀ ਕੱਢੀ ਗਈ। ਰੈਲੀ ਦੌਰਾਨ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਆਪਣੀਆਂ ਮੰਗਾਂ ਮਨਵਾਉਣ ਦੀ ਮੰਗ ਕੀਤੀ।
ਇਹ ਰੋਸ ਰੈਲੀ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ, ਬੁੱਟਰ ਚੌਂਕ, ਪ੍ਰਭਾਕਰ ਚੌਂਕ, ਬਸ ਸਟੈਂਡ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ (ਬਟਾਲਾ ਰੋਡ) ਅਤੇ ਮੇਨ ਬਾਜ਼ਾਰ ਤੋਂ ਹੁੰਦੀ ਹੋਈ ਮੁੜ ਨਗਰ ਕੌਂਸਲ ਦਫ਼ਤਰ ਵਿਖੇ ਸਮਾਪਤ ਹੋਈ।
ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਰਹਿਮਤ ਮਸੀਹ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ ਅਤੇ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲਾਂ ਵਿੱਚ ਕੰਮ ਕਰ ਰਹੇ ਕਈ ਸਫ਼ਾਈ ਸੇਵਕ, ਸੀਵਰਮੈਨ ਅਤੇ ਬੇਲਦਾਰ ਆਉਟਸੋਰਸ ਆਧਾਰ ’ਤੇ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਹਨ ਪਰ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਰੈਲੀ ਵਿੱਚ ਅਜੀਤ ਲਾਲ, ਨਰੇਸ਼, ਗੁਰਦੀਪ, ਅਵਿਨਾਸ਼, ਧਰਮਵੀਰ, ਮਹਾਂਵੀਰ, ਰਾਜੂ, ਸੂਰਜ, ਸੰਨੀ, ਬੱਬਲੀ, ਅਮਨ, ਰਾਜਨ, ਰਾਮ ਲਾਲ, ਸ਼ਿਵ, ਗੋਲਡੀ, ਰਮੇਸ਼, ਮੋਹਨ ਲਾਲ, ਦੀਪਕ, ਰਾਮਨਾਥ, ਸ਼ਾਮ ਲਾਲ, ਅਸ਼ੋਕ, ਸ਼ੀਲਾ ਰਾਣੀ, ਪ੍ਰਵੀਨ, ਰਾਣੀ, ਨਿੰਮੋ, ਸੁਨੀਲ, ਰਜੇਸ਼ ਆਦਿ ਸਫ਼ਾਈ ਕਰਮਚਾਰੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਹੜਤਾਲ ਕਾਰਨ ਸ਼ਹਿਰ ਦੇ ਗਲੀ-ਮੁਹੱਲਿਆਂ ਅਤੇ ਮੁੱਖ ਸੜਕਾਂ ’ਤੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣ ਸਕਦਾ ਹੈ।
