![]() |
| ਕਾਦੀਆਂ ਚ ਆਸਮਾਨੀ ਬਿਜਲੀ ਅਤੇ ਤੂਫ਼ਾਨ ਕਾਰਨ ਹੋਇਆ ਨੁਕਸਾਨ ਵਿਖਾਉਂਦਿਆਂ, ਡਿੱਗੇ ਰੁੱਖ, ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਦੀਆਂ ਤਸਵੀਰਾਂ। (ਜ਼ੀਸ਼ਾਨ) |
ਕਾਦੀਆਂ, 11 ਮਈ (ਜ਼ੀਸ਼ਾਨ): ਦੇਰ ਰਾਤ ਕਾਦੀਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਏ ਤੇਜ਼ ਤੂਫ਼ਾਨ, ਮੀਂਹ ਅਤੇ ਆਸਮਾਨੀ ਬਿਜਲੀ ਡਿਗਣ ਕਾਰਨ ਕਈ ਥਾਵਾਂ ’ਤੇ ਰੁੱਖ, ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਡਿੱਗ ਗਏ, ਜਿਸ ਨਾਲ ਬਿਜਲੀ ਸਪਲਾਈ ਬੰਦ ਰਹੀ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਤੂਫ਼ਾਨ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਦਾਣਾ ਮੰਡੀਆਂ ਵਿੱਚ ਪਈ ਕਣਕ ਦੀ ਫਸਲ ਭਿੱਜ ਗਈ, ਜਿਸ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ ਬਣ ਗਿਆ। ਪਿੰਡ ਬੁੱਟਰ ਕਲਾਂ ਦੇ ਕਿਸਾਨ ਮਹਿੰਦਰ ਸਿੰਘ ਦੇ ਪੋਲਟਰੀ ਫਾਰਮ ’ਤੇ ਬਿਜਲੀ ਡਿੱਗਣ ਅਤੇ ਤੇਜ਼ ਹਨੇਰੀ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਇਆ।
ਕਈ ਇਲਾਕਿਆਂ ਵਿੱਚ ਰੁੱਖ ਅਤੇ ਬਿਜਲੀ ਦੇ ਖੰਭੇ ਡਿੱਗਣ ਕਾਰਨ ਬਿਜਲੀ ਸਪਲਾਈ ਰਾਤ ਭਰ ਅਤੇ ਅਗਲੇ ਦਿਨ ਤੱਕ ਬੰਦ ਰਹੀ, ਜਿਸ ਨਾਲ ਪਾਣੀ ਸਪਲਾਈ ਅਤੇ ਰੋਜ਼ਾਨਾ ਦੇ ਕੰਮ ਵੀ ਪ੍ਰਭਾਵਿਤ ਹੋਏ। ਪਿੰਡ ਬਸਰਾਵਾਂ ਵਿੱਚ ਵੀ ਡਿੱਗੇ ਰੁੱਖਾਂ ਅਤੇ ਪੋਲਾਂ ਕਾਰਨ ਪੋਲਟਰੀ ਫਾਰਮ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਲੋਕਾਂ ਨੇ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਮਿਆਦ ਪੁੱਗ ਚੁੱਕੇ ਰੁੱਖਾਂ ਦੀ ਜਲਦੀ ਕਟਾਈ ਕਰਵਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀ ਸਵੇਰੇ ਤੋਂ ਹੀ ਖਰਾਬ ਹੋਈਆਂ ਲਾਈਨਾਂ ਨੂੰ ਠੀਕ ਕਰਨ ਲਈ ਲਗਾਤਾਰ ਯਤਨ ਕਰਦੇ ਰਹੇ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਮੁਲਾਂਕਣ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
