| ਕਾਦੀਆਂ ਵਿੱਚ ਬਿਜਲੀ ਕਾਮਿਆਂ ਵੱਲੋਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 1 ਅਪ੍ਰੈਲ (ਜ਼ੀਸ਼ਾਨ) – ਪਾਵਰਕੌਮ ਉਪ ਮੰਡਲ ਕਾਦੀਆਂ ਦੇ ਬਿਜਲੀ ਕਰਮਚਾਰੀਆਂ ਵੱਲੋਂ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕਾਲੇ ਬਿੱਲੇ ਲਾ ਕੇ "ਕਾਲਾ ਦਿਨ" ਮਨਾਇਆ ਗਿਆ। ਕਰਮਚਾਰੀਆਂ ਨੇ ਦਫ਼ਤਰਾਂ ਅੱਗੇ ਇਕੱਠੇ ਹੋ ਕੇ ਨਾਅਰੇਬਾਜ਼ੀ ਕੀਤੀ ਅਤੇ ਮਜ਼ਦੂਰ ਹੱਕਾਂ ਦੀ ਰੱਖਿਆ ਲਈ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ।
ਪ੍ਰਦਰਸ਼ਨ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਹਰਪ੍ਰੀਤ ਸਿੰਘ, ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਬਲਜਿੰਦਰ ਸਿੰਘ ਬਾਜਵਾ ਅਤੇ ਐਮ.ਯੂ.ਓ ਦੇ ਜਸਬੀਰ ਸਿੰਘ ਕੋਟ ਵੱਲੋਂ ਸਾਂਝੇ ਤੌਰ 'ਤੇ ਕੀਤੀ ਗਈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਲੇਬਰ ਕੋਡ ਮਜ਼ਦੂਰ ਵਰਗ ਦੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਨਵੇਂ ਕਾਨੂੰਨਾਂ ਨਾਲ ਮਜ਼ਦੂਰਾਂ ਦੇ ਜਥੇਬੰਦੀ ਹੱਕ, ਹੜਤਾਲ ਦਾ ਅਧਿਕਾਰ ਅਤੇ ਘੱਟੋ-ਘੱਟ ਉਜਰਤ ਦੇ ਪ੍ਰਬੰਧ ਪ੍ਰਭਾਵਿਤ ਹੋਣਗੇ। ਆਗੂਆਂ ਨੇ ਆਊਟਸੋਰਸ ਅਤੇ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਨਿੱਜੀਕਰਨ ਦੀ ਨੀਤੀ ਵਾਪਸ ਲੈਣ ਦੀ ਮੰਗ ਕੀਤੀ।
ਇਸ ਮੌਕੇ ਜਗਤਾਰ ਸਿੰਘ ਖੁੰਡਾ, ਹਰਦੀਪ ਸਿੰਘ ਸੇਖੋਂ, ਮਨਦੀਪ ਸਿੰਘ, ਯਾਦਵਿੰਦਰ ਸਿੰਘ, ਦਲਜੀਤ ਸਿੰਘ ਸਿੱਧਵਾਂ ਸਮੇਤ ਕਈ ਹੋਰ ਬਿਜਲੀ ਕਰਮਚਾਰੀ ਅਤੇ ਯੂਨੀਅਨ ਮੈਂਬਰ ਮੌਜੂਦ ਸਨ।