| ਸੜਕ ਵਿੱਚ ਪਿਆ ਇੱਟਾਂ ਵਾਲਾ ਮਲਬਾ ਹਾਦਸਿਆਂ ਨੂੰ ਸੱਦਾ ਦਿੰਦਾ ਹੋਇਆ। (ਜ਼ੀਸ਼ਾਨ) |
ਕਾਦੀਆਂ, 24 ਮਾਰਚ (ਜ਼ੀਸ਼ਾਨ) – ਕਾਦੀਆਂ ਦੇ ਠੀਕਰੀਵਾਲ ਰੋਡ 'ਤੇ ਸਿੱਖ ਨੈਸ਼ਨਲ ਕਾਲਜ ਦੇ ਨੇੜੇ ਸੜਕ ਟੁੱਟਣ ਕਾਰਨ ਪਏ ਖੱਡੇ ਵਿੱਚ ਭਰਿਆ ਇੱਟਾਂ ਵਾਲਾ ਮਲਬਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਪਾਣੀ ਇਕੱਠਾ ਹੋਇਆ, ਜਿਸ ਨਾਲ ਸੜਕ ਟੁੱਟ ਗਈ। ਬਾਅਦ ਵਿੱਚ ਖੱਡੇ ਨੂੰ ਪੂਰਣ ਲਈ ਪਾਇਆ ਗਿਆ ਇੱਟਾਂ ਦਾ ਮਲਬਾ ਹੁਣ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਰਾਹ ਤੋਂ ਰੋਜ਼ਾਨਾ ਸਕੂਲੀ ਵਿਦਿਆਰਥੀ ਅਤੇ ਰਾਹਗੀਰ ਗੁਜ਼ਰਦੇ ਹਨ ਅਤੇ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਸਮੇਂ ਸੜਕ ਚਿੱਕੜ ਨਾਲ ਭਰ ਜਾਂਦੀ ਹੈ, ਜਿਸ ਨਾਲ ਸਮੱਸਿਆ ਹੋਰ ਵੱਧ ਜਾਂਦੀ ਹੈ।
ਸਥਾਨਕ ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ।