ਰਾਤ ਦੇ ਹਨੇਰੇ 'ਚ ਬਿਨਾਂ ਰਿਫਲੈਕਟਰਾਂ ਤੋਂ ਚੱਲਦੇ ਵਾਹਨ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਰਾਤ ਦੇ ਹਨੇਰੇ ਵਿੱਚ ਸੜਕ 'ਤੇ ਚੱਲਦਾ ਹੋਇਆ ਬਿਨਾਂ ਰਿਫਲੈਕਟਰ ਤੋਂ ਇੱਕ ਜੁਗਾੜੂ ਵਾਹਨ (ਜ਼ੀਸ਼ਾਨ)


ਕਾਦੀਆਂ, 7 ਫਰਵਰੀ (ਜ਼ੀਸ਼ਾਨ) - ਕਾਦੀਆਂ ਸ਼ਹਿਰ ਦੀਆਂ ਸੜਕਾਂ 'ਤੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਚੱਲ ਰਹੇ 'ਜੁਗਾੜੂ ਰੇਹੜੇ' ਆਮ ਜਨਤਾ ਦੀ ਜਾਨ ਲਈ ਵੱਡਾ ਖ਼ਤਰਾ ਬਣਦੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਇੰਟਰਨੈਸ਼ਨਲ ਹਿਊਮਨ ਰਾਈਟਸ ਡਿਫੈਂਡਰ' ਦੇ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਕਾਦੀਆਂ ਵੱਲੋਂ ਕੀਤਾ ਗਿਆ। ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਇਹ ਵਾਹਨ ਨਾ ਸਿਰਫ਼ ਟ੍ਰੈਫਿਕ ਵਿਵਸਥਾ ਨੂੰ ਵਿਗਾੜ ਰਹੇ ਹਨ, ਸਗੋਂ ਬਿਨਾਂ ਨੰਬਰ ਪਲੇਟ ਅਤੇ ਬਿਨਾਂ ਰਿਫਲੈਕਟਰਾਂ ਦੇ ਚੱਲਣ ਕਾਰਨ ਰੋਜ਼ਾਨਾ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਸ਼ਹਿਰ ਦੇ ਵੱਡੇ ਕਾਰੋਬਾਰੀਆਂ ਨੇ ਸਮਾਨ ਦੀ ਢੋਆ-ਢੁਆਈ ਲਈ ਅਜਿਹੇ ਜੁਗਾੜੂ ਰੇਹੜੇ ਰੱਖੇ ਹੋਏ ਹਨ, ਜੋ ਲੋੜ ਤੋਂ ਵੱਧ ਲੰਬਾਈ (ਓਵਰਲੈਂਥ) ਵਾਲਾ ਲੋਹੇ ਦਾ ਸਰੀਆ ਅਤੇ ਹੋਰ ਭਾਰੀ ਸਮਾਨ ਲੱਦ ਕੇ ਸੜਕਾਂ 'ਤੇ ਮੌਤ ਬਣ ਕੇ ਦੌੜਦੇ ਹਨ। ਖਾਸ ਤੌਰ 'ਤੇ ਰਾਤ ਦੇ ਸਮੇਂ ਇਹ ਵਾਹਨ ਸਭ ਤੋਂ ਵੱਡਾ ਖ਼ਤਰਾ ਬਣਦੇ ਹਨ ਕਿਉਂਕਿ ਇਨ੍ਹਾਂ 'ਤੇ ਕੋਈ ਲਾਈਟ ਜਾਂ ਰਿਫਲੈਕਟਰ ਨਹੀਂ ਹੁੰਦਾ। ਹਨੇਰੇ ਵਿੱਚ ਇਹ ਦੂਰੋਂ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਦੂਜੇ ਵਾਹਨ ਚਾਲਕ ਇਨ੍ਹਾਂ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਜੁਗਾੜੂ ਰੇਹੜੇ ਬਿਨਾਂ ਰਜਿਸਟ੍ਰੇਸ਼ਨ ਨੰਬਰ ਤੋਂ ਹੀ ਸ਼ਹਿਰ ਵਿੱਚ ਚੱਲ ਰਹੇ ਹਨ, ਜਿਸ ਕਾਰਨ ਕੋਈ ਹਾਦਸਾ ਹੋਣ 'ਤੇ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਸਥਾਨਕ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਨਿਯਮਾਂ ਦੀ ਉਲੰਘਣਾ ਜਾਰੀ ਹੈ। ਉਨ੍ਹਾਂ ਕਿਹਾ ਕਿ ਰੋਜ਼ੀ-ਰੋਟੀ ਕਮਾਉਣਾ ਜਰੂਰੀ ਹੈ, ਪਰ ਅਣਗਹਿਲੀ ਕਾਰਨ ਕਈ ਵਾਰ ਇਹ ਵਾਹਨ ਘਾਤਕ ਸਿੱਧ ਹੁੰਦੇ ਹਨ ਅਤੇ ਕਈ ਘਰਾਂ ਦੇ ਚਿਰਾਗ ਬੁੱਝਣ ਦਾ ਕਾਰਨ ਬਣਦੇ ਹਨ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸ.ਐਸ.ਪੀ. ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨ ਚਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।

Post a Comment

© Qadian Times. All rights reserved. Distributed by ASThemesWorld