ਕਿਰਾਏਦਾਰ ਰੱਖਣ ਤੋਂ ਪਹਿਲਾਂ ਪੂਰੀ ਤਸਦੀਕ ਲਾਜ਼ਮੀ, ਲਾਪਰਵਾਹੀ ’ਤੇ ਕਾਨੂੰਨੀ ਕਾਰਵਾਈ ਹੋਵੇਗੀ- ਐਸਐਚਓ ਗੁਰਮੀਤ ਸਿੰਘ

ਕਾਦੀਆਂ ਦੇ ਐਸਐਚਓ ਗੁਰਮੀਤ ਸਿੰਘ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ)

ਕਾਦੀਆਂ, 7 ਜਨਵਰੀ (ਜ਼ੀਸ਼ਾਨ) – ਕਸਬਾ ਕਾਦੀਆਂ ਵਿੱਚ ਵੱਖ-ਵੱਖ ਰਾਜਾਂ ਤੋਂ ਆ ਰਹੇ ਬਿਨਾਂ ਪਛਾਣ ਵਾਲੇ ਲੋਕਾਂ ਦੀ ਗਿਣਤੀ ਵਧਣ ਕਾਰਨ ਜਨਤਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਥਾਣਾ ਕਾਦੀਆਂ ਦੇ ਮੁਖੀ ਐਸਐਚਓ ਇੰਸਪੈਕਟਰ ਗੁਰਮੀਤ ਸਿੰਘ ਨੇ ਮਕਾਨ ਅਤੇ ਦੁਕਾਨ ਮਾਲਕਾਂ ਲਈ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਾਲਕ ਬਿਨਾਂ ਪੂਰੀ ਸ਼ਨਾਖਤ ਕੀਤੇ ਕਿਰਾਏਦਾਰ ਨਾ ਰੱਖੇ।
ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੇਸ਼ ਦੇ ਕਈ ਹਿੱਸਿਆਂ ਵਿੱਚ ਅਜਿਹੀਆਂ ਅਨਸੁਖਾਵੀਆਂ ਘਟਨਾਵਾਂ ਵਾਪਰੀਆਂ ਹਨ, ਜਿੱਥੇ ਬਿਨਾਂ ਤਸਦੀਕ ਰਹਿ ਰਹੇ ਵਿਅਕਤੀਆਂ ਨੇ ਗੰਭੀਰ ਅਪਰਾਧ ਕੀਤੇ, ਜਿਸ ਨਾਲ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ। ਇਸੇ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਕਾਦੀਆਂ ਵਿੱਚ ਸਾਵਧਾਨੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਕੋਈ ਵਿਅਕਤੀ ਪ੍ਰਵਾਸੀ ਹੋਵੇ ਜਾਂ ਕਿਸੇ ਹੋਰ ਕਸਬੇ/ਰਾਜ ਤੋਂ ਆਇਆ ਹੋਇਆ ਹੋਵੇ, ਤਾਂ ਉਸ ਦਾ ਆਧਾਰ ਕਾਰਡ, ਪੱਕਾ ਪਤਾ, ਚਾਲ-ਚਲਣ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈਣਾ ਲਾਜ਼ਮੀ ਹੈ। ਨਾਲ ਹੀ, ਉਸ ਦੀ ਜਾਣਕਾਰੀ ਥਾਣਾ ਕਾਦੀਆਂ ਵਿੱਚ ਦਰਜ ਕਰਵਾਉਣੀ ਵੀ ਅਤਿ ਜ਼ਰੂਰੀ ਹੈ।
ਐਸਐਚਓ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਕਿਸੇ ਮਕਾਨ ਜਾਂ ਦੁਕਾਨ ਵਿੱਚ ਰਹਿ ਰਹੇ ਕਿਰਾਏਦਾਰ ਵੱਲੋਂ ਭਵਿੱਖ ਵਿੱਚ ਕੋਈ ਅਪਰਾਧਕ ਜਾਂ ਅਨਸੁਖਾਵੀ ਘਟਨਾ ਵਾਪਰਦੀ ਹੈ ਅਤੇ ਮਾਲਕ ਵੱਲੋਂ ਸ਼ਨਾਖਤ ਜਾਂ ਥਾਣੇ ਨੂੰ ਸੂਚਨਾ ਨਹੀਂ ਦਿੱਤੀ ਗਈ, ਤਾਂ ਮਾਲਕ ਖ਼ਿਲਾਫ਼ ਵੀ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੁੱਝ ਸਮਾਜ ਸੇਵਕਾਂ ਦਾ ਇਹ ਕਹਿਣਾ ਹੈ ਕਿ ਥੋੜ੍ਹੇ ਜਿਹੇ ਵਧੇਰੇ ਕਿਰਾਏ ਦੀ ਲਾਲਚ ਵਿੱਚ ਆਪਣੀ ਅਤੇ ਆਪਣੇ ਸ਼ਹਿਰ ਦੀ ਸੁਰੱਖਿਆ ਨਾਲ ਸਮਝੌਤਾ ਕਰਨਾ ਠੀਕ ਨਹੀਂ।

Post a Comment

© Qadian Times. All rights reserved. Distributed by ASThemesWorld