ਸੈਂਟ ਵਾਰਿਅਰਜ਼ ਸਕੂਲ ਕਾਦੀਆਂ ਵਿੱਚ “ਡਰੱਗਜ਼ ਦੇ ਖ਼ਿਲਾਫ਼ ਜੰਗ” ਤਹਿਤ ਹੋਈ ਪ੍ਰਿੰਸੀਪਲਾਂ ਤੇ ਹੈੱਡ ਟੀਚਰਾਂ ਲਈ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ

ਸੈਂਟ ਵਾਰਿਅਰਜ਼ ਸਕੂਲ ਕਾਦੀਆਂ ਵਿੱਚ ਟ੍ਰੇਨਿੰਗ ਵਰਕਸ਼ਾਪ ਦੌਰਾਨ ਮੌਜੂਦ ਸਰਕਾਰੀ ਸਕੂਲ ਦੇ ਪ੍ਰਿੰਸੀਪਲ, ਹੈਡ ਟੀਚਰਜ਼ ਆਦਿ, ਸਰਟੀਫਿਕੇਟ ਦਿੰਦੇ ਕਾਊਂਸਲਿੰਗ ਅਫ਼ਸਰ ਪਰਮਿੰਦਰ ਸਿੰਘ ਸੈਨੀ ਅਤੇ ਸਕੂਲ ਡਾਇਰੈਕਟਰ ਸਰਵਣ ਸਿੰਘ ਧੰਧਲ। (ਜ਼ੀਸ਼ਾਨ)

ਕਾਦੀਆਂ, 9 ਜਨਵਰੀ (ਜ਼ੀਸ਼ਾਨ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ਅਨੁਸਾਰ "ਡਰੱਗਜ਼ ਦੇ ਖ਼ਿਲਾਫ਼ ਜੰਗ" ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਹੈੱਡ ਟੀਚਰਾਂ ਲਈ ਇੱਕ ਦਿਨ ਦੀ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਗਵਰਨਮੈਂਟ ਕਾਲਜ ਗੁਰਦਾਸਪੁਰ, ਐੱਸ.ਐੱਸ. ਬੋਇਜ਼ ਡੇਰਾ ਬਾਬਾ ਨਾਨਕ ਅਤੇ ਸੈਂਟ ਵਾਰਿਅਰਜ਼ ਸਕੂਲ ਕਾਦੀਆਂ ਵਿੱਚ ਕਰਵਾਈ ਗਈ।
ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਿਜ਼ (TISS) ਵੱਲੋਂ ਆਏ ਮਾਸਟਰ ਟ੍ਰੇਨਰ ਨੇ ਪ੍ਰਿੰਸੀਪਲਾਂ ਨੂੰ ਨਸ਼ਿਆਂ ਦੇ ਨੁਕਸਾਨ, ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਕਾਊਂਸਲਿੰਗ ਪ੍ਰਣਾਲੀ, ਨਸ਼ਿਆਂ ਤੋਂ ਬਚਾਅ ਅਤੇ ਸਕੂਲ ਪੱਧਰ 'ਤੇ ਨਿਗਰਾਨੀ ਪ੍ਰਣਾਲੀ ਬਾਰੇ ਵਿਗਿਆਨਕ ਤੇ ਵਿਆਵਹਾਰਿਕ ਜਾਣਕਾਰੀ ਦਿੱਤੀ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ 236 ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਭਾਗ ਲਿਆ।
ਨੋਡਲ ਅਫ਼ਸਰ ਜ਼ਿਲ੍ਹਾ ਗਾਈਡੈਂਸ ਐਂਡ ਕਾਊਂਸਲਿੰਗ ਅਫ਼ਸਰ ਪਰਮਿੰਦਰ ਸਿੰਘ ਸੈਨੀ ਅਤੇ ਸਹਾਇਕ ਨੋਡਲ ਅਫ਼ਸਰ ਮੁਕੇਸ਼ ਵਰਮਾ ਰਹੇ। ਸਮਾਗਮ ਦੇ ਮੁੱਖ ਮਹਿਮਾਨ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਤੇ ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਦੇ ਸਕੱਤਰ ਹਰਪ੍ਰੀਤ ਸਿੰਘ ਸਨ, ਜਦਕਿ ਪ੍ਰਧਾਨਗੀ ਅਸਿਸਟੈਂਟ ਕਮਿਸ਼ਨਰ ਜਨਰਲ ਕੁਲਦੀਪ ਚੰਦ (PCS) ਨੇ ਕੀਤੀ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਮਹੇਸ਼ ਪਰਵਾਕਰ ਅਤੇ ਜ਼ਿਲ੍ਹਾ ਫੈਮਿਲੀ ਵੈਲਫੇਅਰ ਅਫ਼ਸਰ ਡਾ. ਤਜਿੰਦਰ ਕੌਰ ਵੀ ਹਾਜ਼ਰ ਰਹੇ।
ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਬਚਾਉਣ, ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕਮੇਟੀਆਂ ਸਰਗਰਮ ਕਰਨ ਅਤੇ ਮਾਨਸਿਕ ਸਿਹਤ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰੋਗਰਾਮ ਦੇ ਆਯੋਜਕ ਡਾ. ਅਸ਼ਵਨੀ ਭੱਲਾ (ਪ੍ਰਿੰਸੀਪਲ, ਗਵਰਨਮੈਂਟ ਕਾਲਜ ਗੁਰਦਾਸਪੁਰ) ਅਤੇ ਪਰਮਵੀਰ ਸਿੰਘ (ਪ੍ਰਿੰਸੀਪਲ, ਸੈਂਟ ਵਾਰਿਅਰਜ਼ ਸਕੂਲ ਕਾਦੀਆਂ) ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਮਾਨਸਿਕ ਸਿਹਤ ਲਈ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜਿਸ ਦੇ ਚੇਅਰਮੈਨ ਡਿਪਟੀ ਕਮਿਸ਼ਨਰ ਆਦਿਤ੍ਯ ਉੱਪਲ ਅਤੇ ਕੋ-ਕਨਵੀਨਰ ਪਰਮਿੰਦਰ ਸਿੰਘ ਸੈਨੀ ਹਨ।
ਇਸ ਮੌਕੇ ਸਿਮਰਨਜੀਤ ਸਿੰਘ (ਪ੍ਰੋਗਰਾਮ ਐਸੋਸੀਏਟ ਸਾਈਕੋਲੋਜਿਸਟ), ਮਾਸਟਰ ਟ੍ਰੇਨਰ ਕਬੀਰਪਾਲ ਸਿੰਘ, ਖੁਸ਼ੀ ਸ਼ਰਮਾ, ਅਨੁਰੀਤ ਕੌਰ ਅਤੇ ਸੈਂਟ ਵਾਰਿਅਰਜ਼ ਸਕੂਲ ਕਾਦੀਆਂ ਦੇ ਡਾਇਰੈਕਟਰ ਸਰਵਣ ਸਿੰਘ ਧੰਧਲ ਵੀ ਮੌਜੂਦ ਸਨ।

Post a Comment

© Qadian Times. All rights reserved. Distributed by ASThemesWorld