| ਸੜਕਾਂ 'ਤੇ ਬਿਨਾਂ ਢੱਕੀਆਂ, ਓਵਰਲੋਡ ਟਰੈਕਟਰ-ਟਰਾਲੀਆਂ ਨਾਲ ਆਵਾਜਾਈ ਕਰਦੇ ਚਾਲਕ। (ਜ਼ੀਸ਼ਾਨ) |
ਕਾਦੀਆਂ, 21 ਜਨਵਰੀ (ਜ਼ੀਸ਼ਾਨ)- ਸ਼ਹਿਰ ਵਿੱਚ ਟਰੈਫਿਕ ਪੁਲਿਸ ਦੀ ਕਮੀ ਕਾਰਨ ਰੇਤਾ, ਮਿੱਟੀ ਅਤੇ ਇੱਟਾਂ, ਗੰਨੇ ਨਾਲ ਭਰੀਆਂ ਓਵਰਲੋਡ ਟਰੈਕਟਰ-ਟਰਾਲੀਆਂ ਬਿਨਾਂ ਢੱਕੇ ਸੜਕਾਂ 'ਤੇ ਦੌੜ ਰਹੀਆਂ ਹਨ, ਜਿਸ ਨਾਲ ਆਏ ਦਿਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਰੇਤਾ ਅਤੇ ਮਿੱਟੀ ਉੱਡਣ ਕਾਰਨ ਅਤੇ ਗੰਨੇ ਦੀ ਓਵਰਲੋਡ ਟਰਾਲੀਆਂ ਨਾਲ ਦੋ-ਪਹੀਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦਕਿ ਸੜਕਾਂ 'ਤੇ ਡਿੱਗਦੀਆਂ ਇੱਟਾਂ ਵੀ ਵਾਹਨ ਚਾਲਕਾਂ ਲਈ ਖ਼ਤਰਨਾਕ ਸਾਬਤ ਹੋ ਰਹੀਆਂ ਹਨ।
ਸ਼ਹਿਰ ਵਾਸੀਆਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਤਾਇਨਾਤ ਕੀਤੇ ਗਏ ਚਾਰ ਟਰੈਫਿਕ ਕਰਮਚਾਰੀ ਹੁਣ ਹਟਾਏ ਜਾ ਚੁੱਕੇ ਹਨ ਅਤੇ ਇਸ ਵੇਲੇ ਕਾਦੀਆਂ ਵਿੱਚ ਕੋਈ ਵੀ ਟਰੈਫਿਕ ਪੁਲਿਸ ਮੌਜੂਦ ਨਹੀਂ। ਭਾਵੇਂ ਕਾਦੀਆਂ ਪੁਲਿਸ ਵੱਲੋਂ ਨਾਕਾਬੰਦੀ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਓਵਰਲੋਡ ਟਰਾਲੀਆਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ।
ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਐਸਐਸਪੀ ਬਟਾਲਾ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਟਰੈਫਿਕ ਪੁਲਿਸ ਦੀ ਤੁਰੰਤ ਤਾਇਨਾਤੀ ਕੀਤੀ ਜਾਵੇ ਅਤੇ ਓਵਰਲੋਡ ਟਰੈਕਟਰ-ਟਰਾਲੀਆਂ ਨੂੰ ਢੱਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ, ਤਾਂ ਜੋ ਭਵਿੱਖ ਵਿੱਚ ਸੜਕੀ ਹਾਦਸਿਆਂ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ।