| ਆਲ ਇੰਡੀਆ ਫਰੀਡਮ ਫਾਈਟਰ ਫੈਮਲੀ ਐਸੋਸੀਏਸ਼ਨ ਦੇ ਆਗੂ ਅਤੇ ਮੈਂਬਰ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) |
ਕਾਦੀਆਂ, 20 ਜਨਵਰੀ (ਜ਼ੀਸ਼ਾਨ)- ਆਲ ਇੰਡੀਆ ਫਰੀਡਮ ਫਾਈਟਰ ਫੈਮਲੀ ਐਸੋਸੀਏਸ਼ਨ ਗੁਰਦਾਸਪੁਰ/ਪਠਾਨਕੋਟ ਦੀ ਵਿਸ਼ੇਸ਼ ਮੀਟਿੰਗ ਫਰੀਡਮ ਫਾਈਟਰ ਸਮਾਰਕ ਲਾਧੂਪੁਰ ਵਿੱਚ ਪ੍ਰਧਾਨ ਬਖਤਾਵਰ ਸਿੰਘ ਲਾਧੂਪੁਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਪਰਿਵਾਰਾਂ ਦੀਆਂ ਮੁਸ਼ਕਲਾਂ ਅਤੇ ਹੱਕੀ ਮੰਗਾਂ 'ਤੇ ਚਰਚਾ ਕੀਤੀ ਗਈ। ਲਗਭਗ 70 ਮੈਂਬਰ ਸ਼ਾਮਿਲ ਹੋਏ।
ਜਨਰਲ ਸਕੱਤਰ ਪ੍ਰਿੰਸੀਪਲ ਸੁਲੱਖਣ ਸਿੰਘ ਗੁਰਾਇਆ ਨੇ ਕਿਹਾ ਕਿ ਕੁਰਬਾਨੀਆਂ ਦੇ ਬਾਵਜੂਦ ਸਰਕਾਰਾਂ ਵੱਲੋਂ ਮੰਗਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਪਰਿਵਾਰਾਂ ਨੂੰ ਦਫ਼ਤਰਾਂ ਵਿੱਚ ਖੱਜਲ ਹੋਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਰਜਿਸਟਰਡ ਜਥੇਬੰਦੀ ਨੰਬਰ 196 ਦੇ ਪ੍ਰਧਾਨ ਚਿੰਤਨ ਸਿੰਘ ਸੁਨਾਮ ਵੱਲੋਂ ਸਨਾਮ ਵਿੱਚ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ, ਪਰ ਸਰਕਾਰ ਵੱਲੋਂ ਕੋਈ ਸੰਪਰਕ ਨਹੀਂ ਕੀਤਾ ਗਿਆ।
ਬੁਲਾਰਿਆਂ ਨੇ 26 ਜਨਵਰੀ ਅਤੇ 15 ਅਗਸਤ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਈ ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਗੱਲਬਾਤ ਲਈ ਨਹੀਂ ਬੁਲਾਇਆ ਜਾਂਦਾ। ਠਾਕੁਰ ਕਸ਼ਮੀਰ ਸਿੰਘ ਨੇ ਪੰਜਾਬ ਫਰੀਡਮ ਫਾਈਟਰ ਬੋਰਡ ਦੇ ਗਠਨ ਦੀ ਮੰਗ ਦੁਹਰਾਈ।
ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਹੋਇਆ ਕਿ ਸਨਾਮ ਧਰਨੇ ਦੀ ਹਿਮਾਇਤ ਕੀਤੀ ਜਾਵੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ 26 ਜਨਵਰੀ ਤੋਂ ਪਹਿਲਾਂ ਮੀਟਿੰਗ ਦਾ ਸਮਾਂ ਮੰਗਿਆ ਜਾਵੇ। ਚੇਤਾਵਨੀ ਦਿੱਤੀ ਗਈ ਕਿ ਜੇ ਸਮਾਂ ਨਾ ਮਿਲਿਆ ਤਾਂ 26 ਜਨਵਰੀ ਦੇ ਸਰਕਾਰੀ ਪ੍ਰੋਗਰਾਮਾਂ ਦਾ ਬਾਈਕਾਟ ਕਰਕੇ ਦਿਨ ਵੱਖਰੇ ਤੌਰ 'ਤੇ ਮਨਾਇਆ ਜਾਵੇਗਾ।