ਕੇਂਦਰ ਦੀ ਭਾਜਪਾ ਸਰਕਾਰ ਨੇ ਮਗਨਰੇਗਾ ਸਕੀਮ ਵਿੱਚ ਬਦਲਾਅ ਕਰਕੇ ਮਜ਼ਦੂਰਾਂ ਦੇ ਹੱਕਾਂ ’ਤੇ ਡਾਕਾ ਮਾਰਿਆ- ਸੁਲੱਖਣ ਮਸੀਹ

ਪਿੰਡ ਕਾਹਲਵਾਂ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਸਾਬਕਾ ਸਰਪੰਚ ਸੁਲੱਖਣ ਮਸੀਹ ਅਤੇ ਨਾਲ ਉਹਨਾਂ ਦੇ ਸਾਥੀ। (ਜ਼ੀਸ਼ਾਨ)

ਕਾਦੀਆਂ, 10 ਜਨਵਰੀ (ਜ਼ੀਸ਼ਾਨ) – ਕੇਂਦਰ ਦੀ ਭਾਜਪਾ ਸਰਕਾਰ ਨੇ ਮਗਨਰੇਗਾ ਸਕੀਮ ਵਿੱਚ ਬਦਲਾਅ ਕਰਕੇ ਮਜ਼ਦੂਰਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕ੍ਰਿਸਚਨ ਕਲੋਨੀ ਪਿੰਡ ਕਾਹਲਵਾਂ ਤੋਂ ਸਾਬਕਾ ਸਰਪੰਚ ਸੁਲੱਖਣ ਮਸੀਹ ਨੇ ਆਪਣੇ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਹਮੇਸ਼ਾ ਹੀ ਪੱਛੜੀਆਂ ਸ਼੍ਰੇਣੀਆਂ ਤੇ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰਦੀ ਆਈ ਹੈ ਅਤੇ ਹੁਣ ਵੀ ਅਜਿਹੇ ਕਾਨੂੰਨ ਲਿਆ ਕੇ ਮਜ਼ਦੂਰਾਂ ਦਾ ਰੁਜ਼ਗਾਰ ਖੋ ਰਹੀ ਹੈ। ਪਹਿਲਾਂ ਹੀ ਮਜ਼ਦੂਰ ਵਰਗ ਕਰਜ਼ੇ ਦੀ ਮਾਰ ਹੇਠ ਹੈ ਪਰ ਹੁਣ ਇਹ ਸਰਕਾਰ ਇਸ ਸਕੀਮ ਵਿੱਚ ਬਦਲਾਅ ਕਰਕੇ ਹੋਰ ਬੋਝ ਪਾ ਰਹੀ ਹੈ। ਇਸ ਤਰ੍ਹਾਂ ਕਰਕੇ ਇਹ ਕੇਂਦਰ ਦੀ ਸਰਕਾਰ ਆਪਣੇ ਫਰਜ਼ਾਂ ਤੋਂ ਭੱਜ ਰਹੀ ਹੈ ਜਦ ਕਿ ਸਾਰੇ ਟੈਕਸ ਵੀ ਪੰਜਾਬ ਦੇ ਲੋਕਾਂ ਤੋਂ ਇਹ ਲੈ ਜਾਂਦੀ ਹੈ ਤੇ ਸਹੂਲਤਾਂ ਦੇਣ ਲਈ ਹੁਣ ਆਪਣੇ ਇਹ ਪੈਰ ਪਿੱਛੇ ਖਿੱਚ ਰਹੀ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਇਸ ਕਾਨੂੰਨ ਨੂੰ ਵਾਪਸ ਨਾ ਲਿਆ ਤਾਂ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਪੱਧਰ ਤੇ ਕੇਂਦਰ ਸਰਕਾਰ ਖਿਲਾਫ ਸੰਘਰਸ਼ ਉਲਿਕਿਆ ਜਾਵੇਗਾ। ਉਨਾਂ ਨੇ ਅਖੀਰ ਵਿੱਚ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸ਼ਾ ਹੀ ਮਜ਼ਦੂਰ ਵਰਗ ਦੇ ਨਾਲ ਧੋਖਾ ਕੀਤਾ ਹੈ। ਅਤੇ ਇਸ ਵਾਰ ਵੀ ਅਜਿਹੇ ਕਾਨੂੰਨ ਲਿਆ ਕੇ ਮਜ਼ਦੂਰ ਵਰਗ ਨੂੰ ਦੱਬਿਆ ਜਾ ਰਿਹਾ ਅਤੇ ਕਾਰਪੋਰੇਟ ਘਰਾਣਿਆਂ ਨੂੰ ਅੱਗੇ ਲਿਆ ਕੇ ਮਜ਼ਦੂਰਾਂ ਨੂੰ ਕਰਜੇ ਹੇਠਾਂ ਦੱਬਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਅਜਿਹਾ ਕਦੇ ਵੀ ਨਹੀਂ ਹੋਇਆ ਸੀ ਜਿਸ ਵਿੱਚ ਮਜ਼ਦੂਰ ਵਰਗ ਨੂੰ ਮਾਰ ਪਵੇ ਜਦ ਕਿ ਕਾਂਗਰਸ ਸਰਕਾਰ ਹਮੇਸ਼ਾ ਹੀ ਮਜ਼ਦੂਰ ਵਰਗ ਅਤੇ ਕਿਸਾਨਾਂ ਦੀ ਹਮਾਇਤੀ ਸੀ ਅਤੇ ਗਰੀਬ ਲੋਕਾਂ ਦੀ ਮਦਦ ਕਰਦੀ ਸੀ। ਪਰ ਕੇਂਦਰ ਦੀ ਅਜਿਹੀ ਭਾਜਪਾ ਸਰਕਾਰ ਨੇ ਅਜਿਹੀਆਂ ਆਪਣੀਆਂ ਲੋਕ ਮਾਰੂ ਨੀਤੀਆਂ ਕਰਕੇ ਮਜ਼ਦੂਰ ਵਰਗ ਨੂੰ ਦੱਬਣਾ ਚਾਹਿਆ ਹੈ ਪਰ ਮਜ਼ਦੂਰ ਵਰਗ ਕਦੇ ਵੀ ਦੱਬੇਗਾ ਨਹੀਂ ਸਗੋਂ ਕੇਂਦਰ ਦੀਆਂ ਅਜਿਹੀਆਂ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਰਹਿਣਗੇ ।
ਇਸ ਮੌਕੇ ਸਾਬਕਾ ਸਰਪੰਚ ਸੁਲੱਖਣ ਮਸੀਹ ਤੋਂ ਇਲਾਵਾ ਮੈਂਬਰ ਪੰਚਾਇਤ ਮਕਬੂਲ ਮਸੀਹ, ਰੋਬਟ ਰਾਣਾ, ਸ਼ਿੰਦਾ ਮਸੀਹ, ਮੈਂਬਰ ਸ਼ਿੰਦਾ ਮਸੀਨ, ਜੱਸਾ ਮਸੀਹ, ਲਾਜਰ ਮਸੀਹ, ਕਸ਼ਮੀਰ ਮਸੀਹ ਦੇਵਾ ਮਸੀਹ ਆਦੀ ਹਾਜਰ ਸਨ।


Post a Comment

© Qadian Times. All rights reserved. Distributed by ASThemesWorld