| ਕਾਦੀਆਂ ਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਇਕਬਾਲ ਸਿੰਘ ਮਾਹਲ। (ਜ਼ੀਸ਼ਾਨ) |
ਕਾਦੀਆਂ, 6 ਦਸੰਬਰ (ਜ਼ੀਸ਼ਾਨ) – ਪੰਜਾਬ ਵਿੱਚ ਬਲਾਕ ਸਮਿਤੀ ਅਤੇ ਜ਼ਿਲਾ ਪਰਿਸ਼ਦ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਤਪਸ਼ ਵਿੱਚ ਆ ਗਿਆ ਹੈ। ਚੋਣਾਂ ਲਈ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ, ਪਰ ਅਕਾਲੀ ਦਲ ਵੱਲੋਂ ਵੱਡੀ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਅਕਾਲੀ ਦਲ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲਗਭਗ 80 ਫ਼ੀਸਦੀ ਕਾਗਜ਼ ਜ਼ਬਰਦਸਤੀ ਰੱਦ ਕੀਤੇ ਗਏ ਹਨ, ਜੋ ਲੋਕਤੰਤਰ 'ਤੇ ਸਿਧਾ ਹਮਲਾ ਹੈ।
ਅੱਜ ਅਕਾਲੀ ਦਲ ਦੇ ਕਾਦੀਆਂ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸਰਕਾਰ ਤਰਨਤਾਰਨ ਚੋਣਾਂ ਤੋਂ ਬਾਅਦ ਬੋਖਲਾਹਟ ਵਿੱਚ ਹੈ, ਕਿਉੰਕਿ ਉੱਥੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਾਦੀਆਂ ਅਤੇ ਪੰਜਾਬ ਦੇ ਕਈ ਹਲਕਿਆਂ ਵਿੱਚ ਅਕਾਲੀ ਉਮੀਦਵਾਰਾਂ ਦੇ ਕਾਗਜ਼ ਜਾਣ-ਬੁੱਝ ਕੇ ਰੱਦ ਕਰਕੇ ਲੋਕਤੰਤਰਿਕ ਹੱਕਾਂ ਦੀ ਉਲੰਘਣਾ ਕੀਤੀ ਗਈ ਹੈ।
ਮਾਹਲ ਨੇ ਕਿਹਾ ਕਿ ਪੰਜਾਬ ਵਿੱਚ ਧੱਕੇਸ਼ਾਹੀ ਨਾਲ ਚੋਣਾਂ ਜਿਤਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਅਕਾਲੀ ਦਲ ਇਸ ਜ਼ੁਲਮ ਦਾ ਡੱਟਕੇ ਮੁਕਾਬਲਾ ਕਰੇਗਾ। ਉਨ੍ਹਾਂ ਕਿਹਾ ਕਿ ਹਾਈ ਕਮਾਂਡ ਦੇ ਅਗਲੇ ਆਦੇਸ਼ ਅਨੁਸਾਰ ਵੱਡੇ ਪੱਧਰ 'ਤੇ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੌਕੇ ਅਕਾਲੀ ਦਲ ਦੇ ਬਹੁਤ ਸਾਰੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਪੰਜਾਬ ਸਰਕਾਰ ਵਿਰੁੱਧ ਗੁੱਸਾ ਜ਼ਾਹਿਰ ਕੀਤਾ।