| ਸੁਖਦੇਵ ਸਿੰਘ ਦੀ ਫ਼ਾਇਲ ਤਸਵੀਰ ਅਤੇ ਬਲਾਸਟ ਹੋਈ ਗੱਡੀ ਅਤੇ ਅੱਗ ਦੀ ਤਸਵੀਰਾਂ। (ਜ਼ੀਸ਼ਾਨ) |
ਕਾਦੀਆਂ, 8 ਨਵੰਬਰ (ਜ਼ੀਸ਼ਾਨ) – ਅਕਾਲੀ ਦਲ ਵਾਰਿਸ ਪੰਜਾਬ ਦੇ ਤਰਨ ਤਾਰਨ ਇਲਾਕੇ ਦੇ ਚੋਣ ਇੰਚਾਰਜ ਅਤੇ ਪਾਰਟੀ ਦੇ ਸਰਗਰਮ ਵਰਕਰ ਸੁਖਦੇਵ ਸਿੰਘ ਠੱਕਰ ਸੰਧੂ ਉੱਤੇ ਬੀਤੀ ਰਾਤ ਅੰਮ੍ਰਿਤਸਰ-ਬਟਾਲਾ ਰੋਡ ਉੱਤੇ ਜਾਨਲੇਵਾ ਹਮਲੇ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ, ਜਦੋਂ ਸੁਖਦੇਵ ਸਿੰਘ ਤਰਨ ਤਾਰਨ ਤੋਂ ਆਪਣੇ ਪਿੰਡ ਠੱਕਰ ਸੰਧੂ (ਕਾਦੀਆਂ) ਵਾਪਸ ਆ ਰਹੇ ਸਨ, ਤਾਂ ਅੰਮ੍ਰਿਤਸਰ ਵੇਰਕਾ ਨੇੜੇ ਹਾਈਵੇ ਉੱਤੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਗੱਡੀ ਰੋਕ ਕੇ ਬੰਬ ਨੁਮਾ ਵਸਤੂ ਸੁੱਟੀ, ਜਿਸ ਨਾਲ ਗੱਡੀ ਵਿੱਚ ਧਮਾਕਾ ਹੋ ਗਿਆ।
ਧਮਾਕੇ ਨਾਲ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ, ਪਰ ਸੁਖਦੇਵ ਸਿੰਘ ਨੇ ਹਿੰਮਤ ਦਿਖਾਉਂਦੇ ਹੋਏ ਗੱਡੀ ਦੀ ਪਿਛਲੀ ਖਿੜਕੀ ਖੋਲ੍ਹ ਕੇ ਆਪਣੀ ਜਾਨ ਬਚਾਈ। ਇਸ ਹਾਦਸੇ ਵਿੱਚ ਉਹ ਬੁਰੀ ਤਰ੍ਹਾਂ ਝੁਲਸ ਗਏ ਹਨ ਅਤੇ ਇਸ ਵੇਲੇ ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਦੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਇਸ ਘਟਨਾ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਵਿਰੋਧੀਆਂ ਦੀ ਸਾਜ਼ਿਸ਼ ਲੱਗਦੀ ਹੈ। ਉਨ੍ਹਾਂ ਨੇ ਸਰਕਾਰ ਅਤੇ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਦੂਜੇ ਪਾਸੇ, ਇਸ ਹਮਲੇ ਤੋਂ ਬਾਅਦ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ।