| ਜਗਰੂਪ ਸਿੰਘ ਸੇਖਵਾਂ ਲੋਕਲ ਬਾਡੀ ਮੰਤਰੀ ਡਾ. ਰਵਜੋਤ ਸਿੰਘ ਨਾਲ ਕਾਦੀਆਂ ਵਿਕਾਸ ਬਾਰੇ ਗੱਲਬਾਤ ਕਰਦਿਆਂ। (ਜ਼ੀਸ਼ਾਨ) |
ਕਾਦੀਆਂ, 12 ਨਵੰਬਰ (ਜ਼ੀਸ਼ਾਨ) – ਕਾਦੀਆਂ ਸ਼ਹਿਰ ਦੇ ਨਿਵਾਸੀਆਂ ਨੂੰ ਸਾਫ਼ ਅਤੇ ਨਿਰੰਤਰ ਪੀਣ-ਯੋਗ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਅਮਰਤ 2.0 ਸਕੀਮ ਅਧੀਨ 952.98 ਲੱਖ ਰੁਪਏ ਦੀ ਲਾਗਤ ਨਾਲ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਕਾਦੀਆਂ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਸ਼ਹਿਰ ਵਿੱਚ 26.55 ਕਿ.ਮੀ. ਵਾਟਰ ਸਪਲਾਈ ਲਾਈਨ ਵਿਛਾਈ ਜਾਵੇਗੀ, ਜਿਸ ਵਿੱਚੋਂ 18 ਕਿ.ਮੀ. ਨਵੀਂ ਲਾਈਨ ਅਤੇ 8.5 ਕਿ.ਮੀ. ਪੁਰਾਣੀ ਲਾਈਨ ਦੀ ਤਬਦੀਲੀ ਸ਼ਾਮਲ ਹੈ। ਜਿੱਥੇ ਪਾਣੀ ਦੀ ਪਾਈਪਲਾਈਨਾਂ ਦੀ ਹਾਲਤ ਖਰਾਬ ਹੈ ਜਾਂ ਸਮੱਸਿਆ ਰਹਿੰਦੀ ਹੈ, ਉਥੇ ਨਵੀਆਂ ਲਾਈਨਾਂ ਵਿਛਾਈਆਂ ਜਾਣਗੀਆਂ।
ਇਸ ਤੋਂ ਇਲਾਵਾ, ਸ਼ਹਿਰ ਦੇ ਨਿਵਾਸੀਆਂ ਲਈ 1 ਨਵਾਂ ਟਿਊਬਵੈੱਲ ਅਤੇ 1 ਲੱਖ ਗੈਲਨ ਦੀ ਪਾਣੀ ਟੈਂਕੀ ਵੀ ਤਿਆਰ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਿੱਚ ਨਿਰੰਤਰ ਪਾਣੀ ਸਪਲਾਈ ਬਣੀ ਰਹੇ। ਇਸ ਸਕੀਮ ਅਧੀਨ 1485 ਘਰਾਂ ਨੂੰ ਨਵੇਂ ਪਾਣੀ ਦੇ ਕਨੇਕਸ਼ਨ ਦਿੱਤੇ ਜਾਣਗੇ।
ਇਸ ਤੋਂ ਵੱਧ ਕੇ, ਅਮਰਤ 2.0 ਦੇ ਭਾਗ-2 ਅਧੀਨ ਕਾਦੀਆਂ ਨੂੰ ਨਹਿਰੀ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਇਸ ਲਈ ਤਕਰੀਬਨ 28 ਕਰੋੜ ਰੁਪਏ ਦੀ ਲਾਗਤ ਨਾਲ 6.0 ਐੱਮ.ਐੱਲ.ਡੀ. ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾਵੇਗਾ, ਜਿਸ ਨਾਲ ਕਾਦੀਆਂ ਸ਼ਹਿਰ ਨੂੰ ਸਾਫ਼ ਤੇ ਸੁਚੱਜਾ ਪਾਣੀ ਮਿਲੇਗਾ।
ਸ਼੍ਰੀ ਸੇਖਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੂਲ ਸਹੂਲਤਾਂ ਨੂੰ ਸੁਧਾਰਨ ਲਈ ਵਚਨਬੱਧ ਹੈ। ਇਹ ਪ੍ਰੋਜੈਕਟ ਕਾਦੀਆਂ ਵਾਸੀਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਕੋਈ ਘਾਟ ਨਹੀਂ ਰਹੇਗੀ।