| ਕਿਸਾਨ ਸੁਖਬੀਰ ਸਿੰਘ ਨਾਲ ਗੱਲਬਾਤ ਕਰਦੇ ਹੋਏ ਖੇਤੀਬਾੜੀ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਮੈਡਮ ਨਵਜੋਤ ਕੌਰ, ਸਟ੍ਰਾਬੈਰੀ। (ਜ਼ੀਸ਼ਾਨ) |
ਕਾਦੀਆਂ, 13 ਨਵੰਬਰ (ਜ਼ੀਸ਼ਾਨ) – ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਅਜੇ ਵੀ ਰਵਾਇਤੀ ਫਸਲਾਂ 'ਤੇ ਨਿਰਭਰ ਹਨ, ਉੱਥੇ ਕੁਝ ਅਗਾਂਹਵਧੂ ਕਿਸਾਨ ਨਵੀਆਂ ਫਸਲਾਂ ਦੀ ਖੇਤੀ ਕਰਕੇ ਕਾਮਯਾਬੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪਿੰਡ ਮਨੋਹਰਪੁਰ ਦੇ ਕਿਸਾਨ ਸੁਖਬੀਰ ਸਿੰਘ, ਜੋ ਪਿਛਲੇ ਨੌ ਸਾਲਾਂ ਤੋਂ ਸਟ੍ਰਾਬੈਰੀ ਦੀ ਖੇਤੀ ਕਰ ਰਹੇ ਹਨ ਅਤੇ ਚੰਗੀ ਆਮਦਨ ਕਮਾ ਰਹੇ ਹਨ।
ਅੱਜ ਖੇਤੀਬਾੜੀ ਦਫਤਰ ਕਾਦੀਆਂ ਵੱਲੋਂ ਵਿਸਥਾਰ ਅਫਸਰ ਹਰਪ੍ਰੀਤ ਸਿੰਘ ਬੋਪਾਰਾਏ ਅਤੇ ਇੰਸਪੈਕਟਰ ਮੈਡਮ ਨਵਜੋਤ ਕੌਰ ਨੇ ਸੁਖਬੀਰ ਸਿੰਘ ਦੇ ਖੇਤਾਂ ਦਾ ਦੌਰਾ ਕੀਤਾ ਅਤੇ ਉਨ੍ਹਾਂ ਨਾਲ ਫਸਲ ਦੀ ਸੰਭਾਲ, ਮੰਡੀਕਰਨ ਅਤੇ ਛਿੜਕਾਅ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਸੁਖਬੀਰ ਸਿੰਘ ਨੇ ਇਸ ਸਮੇਂ ਚਾਰ ਏਕੜ ਵਿੱਚ ਸਟ੍ਰਾਬੈਰੀ ਦੀ ਖੇਤੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਸਹੀ ਮਿਹਨਤ ਅਤੇ ਖੇਤੀਬਾੜੀ ਵਿਭਾਗ ਦੇ ਮਾਰਗਦਰਸ਼ਨ ਨਾਲ ਇਹ ਫਸਲ ਬਹੁਤ ਲਾਭਕਾਰੀ ਸਾਬਤ ਹੋ ਰਹੀ ਹੈ। ਖੇਤੀਬਾੜੀ ਵਿਭਾਗ ਨੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਭਾਗੀ ਪੱਧਰ 'ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।