| ਕਾਦੀਆਂ ਮੰਡਲ ਦਫ਼ਤਰ ਅੱਗੇ ਬਿਜਲੀ ਸੋਧ ਬਿੱਲ ਅਤੇ ਪੰਜਾਬ ਸਰਕਾਰ ਦੇ ਫ਼ੈਸਲੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕਰਦੇ ਬਿਜਲੀ ਮੁਲਾਜ਼ਮ ਅਤੇ ਆਗੂ। (ਜ਼ੀਸ਼ਾਨ) |
ਕਾਦੀਆਂ, 26 ਨਵੰਬਰ (ਜ਼ੀਸ਼ਾਨ) – ਬਿਜਲੀ ਕਾਮਿਆਂ ਦੀਆਂ ਵੱਖ–ਵੱਖ ਜਥੇਬੰਦੀਆਂ ਨੇ ਅੱਜ ਮੰਡਲ ਦਫ਼ਤਰ ਕਾਦੀਆਂ ਅੱਗੇ ਬਿਜਲੀ ਸੋਧ ਬਿੱਲ 2025 ਅਤੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਵੇਚਣ ਦੇ ਫ਼ੈਸਲੇ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਕਾਮੀਆਂ ਨੇ ਸੋਧ ਬਿੱਲ ਦੇ ਖਰੜੇ ਦੀਆਂ ਕਾਪੀਆਂ ਸਾੜ ਕੇ ਆਪਣਾ ਗੁੱਸਾ ਜਹਿਰ ਕੀਤਾ। ਜਗਤਾਰ ਸਿੰਘ ਖੁੰਡਾ ਨੇ ਦੱਸਿਆ ਕਿ ਇਸ ਰੋਸ ਧਰਨੇ ਦੀ ਅਗਵਾਈ ਸੁਰਜੀਤ ਸਿੰਘ ਗੁਰਾਇਆ (ਟੈਕਨੀਕਲ ਸਰਵਿਸਿਜ਼ ਯੂਨੀਅਨ), ਹਰਪ੍ਰੀਤ ਸਿੰਘ (ਫੈਡਰੇਸ਼ਨ ਏਟਕ), ਬਲਜਿੰਦਰ ਸਿੰਘ ਬਾਜਵਾ (ਇੰਪਲਾਈਜ਼ ਫੈਡਰੇਸ਼ਨ ਚਾਹਲ), ਜਸਵੀਰ ਸਿੰਘ ਜੱਸੀ (ਐਮ.ਯੂ.ਓ.), ਅਤੇ ਸੰਤੋਖ ਸਿੰਘ (ਪੈਨਸ਼ਨਰਜ਼ ਐਸੋਸੀਏਸ਼ਨ) ਵੱਲੋਂ ਕੀਤੀ ਗਈ।
ਆਗੂਆਂ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਲਾਗੂ ਹੋਇਆ ਤਾਂ ਬਿਜਲੀ ਵੰਡ ਪ੍ਰਣਾਲੀ ਨਿੱਜੀ ਕੰਪਨੀਆਂ ਦੀ ਝੋਲੀ ਵਿੱਚ ਚਲੀ ਜਾਵੇਗੀ, ਕਰਾਸ ਸਬਸਿਡੀ ਅਤੇ ਹੋਰ ਸਹੂਲਤਾਂ ਖਤਮ ਹੋਣਗੀਆਂ, ਬਿਜਲੀ ਦਰਾਂ ਦਾ ਫ਼ੈਸਲਾ ਕੇਂਦਰ ਸਰਕਾਰ ਕਰੇਗੀ ਅਤੇ ਪੱਕੇ ਰੁਜ਼ਗਾਰ ਦਾ ਖਤਮਾ ਹੋ ਜਾਵੇਗਾ। ਠੇਕਾ ਕਾਮਿਆਂ ਦੀਆਂ ਉਜ਼ਰਤਾਂ ਘਟਣ ਦਾ ਵੀ ਖਤਰਾ ਜਤਾਇਆ ਗਿਆ।
ਮੀਟਿੰਗ ਵਿੱਚ ਕੇਂਦਰ ਸਰਕਾਰ ਦੇ 4 ਲੇਬਰ ਕੋਡ ਬਿੱਲਾਂ ਨੂੰ ਵੀ ਰੱਦ ਕਰਨ ਦੀ ਮੰਗ ਕਰਦੇ ਹੋਏ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ।
ਕਾਮੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸੋਧ ਬਿੱਲ 2025, 4 ਲੇਬਰ ਕੋਡ ਅਤੇ ਸਰਕਾਰੀ ਜ਼ਮੀਨਾਂ ਵੇਚਣ ਵਾਲਾ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਉਹ ਵੱਡੇ ਪੱਧਰ 'ਤੇ ਤੀਖੀ ਲੜਾਈ ਸ਼ੁਰੂ ਕਰਨ 'ਤੇ ਮਜਬੂਰ ਹੋਣਗੇ।