![]() |
| ਬੇਰਿੰਗ ਕਾਲਜ ਦੇ ਵਿਦਿਆਰਥੀਆਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਵਿੱਚ ਗਿੱਧਾ ਤੇ ਡਿਬੇਟ ਮੁਕਾਬਲੇ ਵਿੱਚ ਅੱਵਲ ਸਥਾਨ ਪ੍ਰਾਪਤ ਕੀਤਾ। (ਜ਼ੀਸ਼ਾਨ) |
ਕਾਦੀਆਂ, 6 ਨਵੰਬਰ (ਜ਼ੀਸ਼ਾਨ) – ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਸਿੰਘ ਦੀ ਰਹਿਨੁਮਾਈ ਅਤੇ ਯੂਥ ਕੋਆਰਡੀਨੇਟਰ ਡਾ. ਜਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਸਲਾਨਾ ਯੁਵਕ ਮੇਲੇ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਮੱਲਾ ਮਾਰੀਆਂ ਹਨ।
ਇਸ ਮੌਕੇ ਕਾਲਜ ਦੇ ਪ੍ਰਤਿਭਾਵਾਨ ਤੇ ਹੋਣਹਾਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਪੱਧਰ ਉੱਤੇ ਬੀ ਜੋਨ ਦੀ 'ਏ' ਡਿਵੀਜ਼ਨ ਵਿੱਚ ਹੋਏ ਮੁਕਾਬਲਿਆਂ ਵਿੱਚੋਂ ਗਿੱਧਾ ਅਤੇ ਡਿਬੇਟ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਐਲੋਕਿਊਸ਼ਨ, ਵੈਸਟਰਨ ਇੰਸਟਰੂਮੈਂਟ ਸੋਲੋ, ਝੂੰਮਰ ਦੂਜੇ ਸਥਾਨ ਉੱਤੇ ਰਿਹਾ। ਭੰਗੜਾ, ਵੈਸਟਰਨ ਵੋਕਲ ਸੋਲੋ, ਵਨ ਐਕਟ ਪਲੇਅ, ਕਲੇਅ ਮਾਡਲਿੰਗ, ਫੋਕ ਸੌਂਗ, ਵਾਰ ਅਤੇ ਕਵੀਸ਼ਰੀ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ।
ਗਿੱਧੇ ਵਿੱਚੋਂ ਇੱਕ ਵਾਰ ਫੇਰ ਬੈਸਟ ਪਰਫੋਰਮਰ ਹਰਬੀਰ ਕੌਰ ਚੁਣੀ ਗਈ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਚੁਣੀ ਜਾ ਰਹੀ ਹੈ।
ਕਾਲਜ ਪ੍ਰਿੰਸੀਪਲ ਪ੍ਰੋਫੈਸਰ ਨਰਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਵਿਦਿਆਰਥੀਆਂ ਨੇ ਮੱਲਾਂ ਮਾਰਦੇ ਹੋਏ ਆਪਣੇ ਕਾਲਜ ਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ। ਯੂਥ ਕੋਆਰਡੀਨੇਟਰ ਡਾ. ਜਤਿੰਦਰ ਕੌਰ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਲਈ ਉਹਨਾਂ ਦੀ ਸਰਾਹਨਾ ਕੀਤੀ ਤੇ ਕਾਲਜ ਦੇ ਸਮੁੱਚੇ ਮਿਹਨਤੀ ਸਟਾਫ਼ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਸਦਕਾ ਕਾਲਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਯੂਥ ਫੈਸਟੀਵਲ ਵਿਚ ਸਫ਼ਲਤਾ ਦੇ ਝੰਡੇ ਗੱਡੇ ਹਨ।
