ਮਿਹਨਤ ਐਨੀ ਖਾਮੋਸ਼ੀ ਨਾਲ ਕਰੋ ਕਿ ਕਾਮਯਾਬੀ ਸ਼ੋਰ ਮਚਾਏ- ਏ.ਡੀ.ਸੀ ਡਾ. ਹਰਜਿੰਦਰ ਸਿੰਘ ਬੇਦੀ

ਏ.ਡੀ.ਸੀ ਡਾ. ਹਰਜਿੰਦਰ ਸਿੰਘ ਬੇਦੀ ਸੈਂਟ ਵਾਰਿਯਰਜ਼ ਸਕੂਲ ਵਿੱਚ ਯੂ.ਪੀ.ਐਸ.ਸੀ ਫ੍ਰੀ ਕੋਚਿੰਗ ਕਲਾਸਾਂ ਦਾ ਉਦਘਾਟਨ ਕਰਦੇ ਹੋਏ, ਨਾਲ ਸਕੂਲ ਪ੍ਰਬੰਧਕ ਆਦਿ। (ਜ਼ੀਸ਼ਾਨ)

ਕਾਦੀਆਂ, 18 ਅਕਤੂਬਰ (ਜ਼ੀਸ਼ਾਨ) – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੀਆਂ ਉੱਚ ਸੇਵਾਵਾਂ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸੈਂਟ ਵਾਰਿਯਰਜ਼ ਸਕੂਲ ਬਸਰਾਈ ਵਿੱਚ ਫ੍ਰੀ ਯੂ.ਪੀ.ਐਸ.ਸੀ/ਸਿਵਲ ਸਰਵਿਸਿਜ਼ ਆਨਲਾਈਨ ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ। ਇਸ ਦਾ ਉਦਘਾਟਨ ਏ.ਡੀ.ਸੀ ਜਨਰਲ ਡਾ. ਹਰਜਿੰਦਰ ਸਿੰਘ ਬੇਦੀ (ਆਈ.ਏ.ਐਸ) ਵੱਲੋਂ ਕੀਤਾ ਗਿਆ।
ਇਸ ਮੌਕੇ ਡੀ.ਪੀ.ਆਰ.ਓ ਹਰਜਿੰਦਰ ਸਿੰਘ ਕਲਸੀ, ਜ਼ਿਲ੍ਹਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ, ਸਹਾਇਕ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਮੁਕੇਸ਼ ਕੁਮਾਰ, ਸਕੂਲ ਡਾਇਰੈਕਟਰ ਸਰਵਨ ਸਿੰਘ ਧੰਦਲ, ਚੇਅਰਮੈਨ ਸੱਜਣ ਸਿੰਘ ਧੰਦਲ ਅਤੇ ਪ੍ਰਿੰਸੀਪਲ ਪਰਮਵੀਰ ਸਿੰਘ ਹਾਜ਼ਰ ਸਨ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਰੌਸ਼ਨ ਕਰਕੇ ਕੀਤੀ ਗਈ, ਜਿਸ ਤੋਂ ਬਾਅਦ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।
ਡਾ. ਬੇਦੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਈ ਨੌਜਵਾਨਾਂ ਨੂੰ ਇਨ੍ਹਾਂ ਪ੍ਰੀਖਿਆਵਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਉਨ੍ਹਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ (ਆਈ.ਏ.ਐਸ) ਦਾ ਉਦੇਸ਼ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿਦਿਆਰਥੀ ਵੀ ਇਨ੍ਹਾਂ ਪ੍ਰੀਖਿਆਵਾਂ ਵਿੱਚ ਕਾਮਯਾਬੀ ਹਾਸਲ ਕਰਨ। ਉਨ੍ਹਾਂ ਕਿਹਾ – "ਜੀਵਨ ਵਿੱਚ ਟੀਚਾ ਨਿਰਧਾਰਤ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਬਿਨਾ ਟੀਚੇ ਦੇ ਮਨੁੱਖ ਬੇਮਕਸਦ ਹੈ। ਐਨੀ ਖਾਮੋਸ਼ੀ ਨਾਲ ਮਿਹਨਤ ਕਰੋ ਕਿ ਤੁਹਾਡੀ ਕਾਮਯਾਬੀ ਆਪ ਸ਼ੋਰ ਮਚਾਏ।"
ਸਮਾਰੋਹ ਦੇ ਅੰਤ ਵਿੱਚ ਏ.ਡੀ.ਸੀ ਡਾ. ਬੇਦੀ ਨੂੰ ਸਮਰਪਣ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪਰਮਵੀਰ ਸਿੰਘ ਅਤੇ ਸਹਾਇਕ ਡਾਇਰੈਕਟਰ ਰਣਜੀਤ ਕੌਰ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸੰਸਥਾ ਹਮੇਸ਼ਾ ਇਨ੍ਹਾਂ ਸਿੱਖਿਆ ਸੰਬੰਧੀ ਕਾਰਜਾਂ ਲਈ ਤਤਪਰ ਰਹੇਗੀ।



Post a Comment

© Qadian Times. All rights reserved. Distributed by ASThemesWorld