ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹਨ– ਜਗਰੂਪ ਸਿੰਘ ਸੇਖਵਾਂ

ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਿਕਾਸ ਕੰਮਾਂ ਦਾ ਉਦਘਾਟਨ ਕਰਦੇ ਹੋਏ ਅਤੇ  ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ। (ਜ਼ੀਸ਼ਾਨ)

ਕਾਦੀਆਂ, 16 ਅਕਤੂਬਰ (ਜ਼ੀਸ਼ਾਨ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ 'ਚ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਦੇਣ ਹਨ, ਜਦਕਿ ਮੌਜੂਦਾ ਪੰਜਾਬ ਸਰਕਾਰ ਉਨ੍ਹਾਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਡੀ.ਜੀ.ਪੀ ਗੌਰਵ ਯਾਦਵ ਦੇ ਬਟਾਲਾ ਦੌਰੇ ਨੇ ਇਹ ਸਾਫ਼ ਸੰਦੇਸ਼ ਦਿੱਤਾ ਹੈ ਕਿ ਰਾਜ ਸਰਕਾਰ ਕਿਸੇ ਵੀ ਗੈਂਗਸਟਰ ਨੂੰ ਬਖ਼ਸ਼ੇਗੀ ਨਹੀਂ।
ਸੇਖਵਾਂ ਨੇ ਅੱਜ ਹਲਕਾ ਕਾਦੀਆਂ ਦੇ ਪਿੰਡ ਭਗਤੁਪੁਰਾ ਤੋਂ ਕਾਦੀਆਂ ਸੜਕ, ਤਰਖਾਣਾਵਾਲੀ ਤੋਂ ਗੁਰਦੁਆਰਾ ਬੋਹੜੀ ਸਾਹਿਬ ਤੱਕ ਦੀ ਸੜਕ ਅਤੇ ਪਿੰਡ ਕੂੰਟ ਦੀ ਫਿਰਨੀ ਸੜਕ ਦੀ ਮੁਰੰਮਤ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਹੀ ਹੱਲ ਕੀਤਾ।
ਉਨ੍ਹਾਂ ਦੱਸਿਆ ਕਿ "ਰੋਸ਼ਨ ਪੰਜਾਬ" ਯੋਜਨਾ ਹੇਠ ਨਵੇਂ ਟ੍ਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਦੀਆਂ ਦੀ ਪਾਣੀ ਵਾਲੀ ਟੈਂਕੀ ਲਈ ਬਜਟ ਪਾਸ ਹੋ ਚੁੱਕਾ ਹੈ ਅਤੇ 16 ਕਿਲੋਮੀਟਰ ਲੰਬੀ ਪਾਈਪਲਾਈਨ ਬਿਛਾ ਕੇ ਘਰਾਂ ਤੱਕ ਸਿੱਧੀ ਪਾਣੀ ਸਪਲਾਈ ਕੀਤੀ ਜਾਵੇਗੀ। ਵਾਟਰ ਟ੍ਰੀਟਮੈਂਟ ਪਲਾਂਟ ਲਈ ਜ਼ਮੀਨ ਵੀ ਹਾਸਲ ਕਰ ਲਈ ਗਈ ਹੈ, ਜਿਸ ਨਾਲ ਭਵਿੱਖ 'ਚ ਸ਼ੁੱਧ ਪਾਣੀ ਦੀ ਸਪਲਾਈ ਹੋਵੇਗੀ।
ਸੇਖਵਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਲਟਕ ਰਹੀ ਸੀਵਰੇਜ ਦੀ ਮੰਗ ਵੀ ਜਲਦੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਸੰਬਰ 'ਚ ਹੋਣ ਵਾਲੇ ਅਹਿਮਦੀਆ ਸੰਮੇਲਨ ਨੂੰ ਧਿਆਨ 'ਚ ਰੱਖਦਿਆਂ ਸ਼ਹਿਰ ਦੀਆਂ ਸੜਕਾਂ ਦੇ ਕੰਮ ਜਲਦੀ ਸ਼ੁਰੂ ਕੀਤੇ ਜਾਣਗੇ।
ਇਸ ਮੌਕੇ ਸਰਪੰਚ ਗੁਰਦੀਪ ਸਿੰਘ ਕੂੰਟ, ਏ.ਐਸ.ਆਈ. ਮੇਜਰ ਸਿੰਘ, ਚੇਅਰਮੈਨ ਮੋਹਨ ਸਿੰਘ, ਸੋਹਨ ਸਿੰਘ ਨੈਣੇਕੋਟ, ਕਾਮਰੇਡ ਗੁਰਮੇਸ਼ ਸਿੰਘ, ਬਬੀਤਾ ਖੋਸਲਾ, ਸਰਪੰਚ ਸੁਖਦੇਵ ਸਿੰਘ, ਸਤਨਾਮ ਸਿੰਘ, ਈ.ਟੀ.ਓ. ਸੁਖਜੀਤ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਬਜੀਤ ਸਿੰਘ ਸਾਬੀ, ਵਿਸ਼ੂ ਆਦਿ ਹਾਜ਼ਰ ਸਨ।


Post a Comment

© Qadian Times. All rights reserved. Distributed by ASThemesWorld