ਪੁਲਿਸ ਚੌਕੀ ‘ਚ ਔਰਤ ਨਾਲ ਅਸ਼ਲੀਲਤਾ ਦਾ ਮਾਮਲਾ, ਇਨਸਾਫ਼ ਦੀ ਗੁਹਾਰ, ਦੋਸ਼ੀ ਪੁਲਿਸ ਕਰਮਚਾਰੀ ਵਿਰੁੱਧ ਜਾਂਚ ਸ਼ੁਰੂ

ਕਾਦੀਆਂ ਚ ਪੁਲਿਸ ਕਰਮਚਾਰੀ ਖ਼ਿਲਾਫ਼ ਜਾਣਕਾਰੀ ਦਿੰਦੀਆਂ ਪੀੜਤ ਔਰਤ। (ਜ਼ੀਸ਼ਾਨ)

ਕਾਦੀਆਂ, 15 ਅਕਤੂਬਰ (ਜ਼ੀਸ਼ਾਨ) – ਪੁਲਿਸ ਚੌਕੀ ਹਰਚੋਵਾਲ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬਹਾਦਰਪੁਰ ਰਾਜੋਆ ਦੀ ਇੱਕ ਵਿਵਾਹਿਤ ਔਰਤ ਨੇ ਪੁਲਿਸ ਕਰਮਚਾਰੀ 'ਤੇ ਅਸ਼ਲੀਲ ਹਰਕਤਾਂ ਕਰਨ ਤੇ ਜ਼ਬਰਦਸਤੀ ਸਬੰਧ ਬਣਾਉਣ ਲਈ ਦਬਾਅ ਪਾਉਣ ਦੇ ਗੰਭੀਰ ਦੋਸ਼ ਲਗਾਏ ਹਨ।
ਮਹਿਲਾ ਨੇ ਕਾਦੀਆਂ 'ਚ ਪ੍ਰੈਸ ਅੱਗੇ ਦੱਸਿਆ ਕਿ ਉਹ 10 ਅਕਤੂਬਰ ਨੂੰ ਆਪਣੇ ਸੌਤੇਲੇ ਪੁੱਤਰਾਂ ਵੱਲੋਂ ਕੀਤੇ ਜਾ ਰਹੇ ਉਤਪੀੜਨ ਦੀ ਸ਼ਿਕਾਇਤ ਲੈ ਕੇ ਪੁਲਿਸ ਚੌਕੀ ਗਈ ਸੀ। ਪਰ ਸ਼ਿਕਾਇਤ ਦਰਜ ਕਰਨ ਦੇ ਬਹਾਨੇ ਪੁਲਿਸ ਕਰਮਚਾਰੀ ਨੇ ਉਸਨੂੰ ਇੱਕ ਕਮਰੇ 'ਚ ਬੁਲਾ ਕੇ ਅਸ਼ਲੀਲ ਹਰਕਤਾਂ ਸ਼ੁਰੂ ਕਰ ਦਿੱਤੀਆਂ। ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾ ਕੇ ਔਰਤ ਉੱਥੋਂ ਭੱਜ ਗਈ।
ਪੀੜਤਾ ਨੇ ਦੱਸਿਆ ਕਿ ਦੋਸ਼ੀ ਨੇ ਉਸਨੂੰ ਕਿਹਾ ਕਿ ਉਸਦੀ ਪਤਨੀ ਕੈਨੇਡਾ ਗਈ ਹੋਈ ਹੈ ਅਤੇ ਉਸ ਕੋਲ ਪੁਲਿਸ ਦੀ ਵਰਦੀ ਹੈ ਉਹ ਪਾ ਕੇ ਉਸਦੇ ਘਰ ਆ ਸਕਦੀ ਹੈ। ਇਥੋਂ ਤਕ ਕਿ ਉਸਨੇ ਇਹ ਵੀ ਕਿਹਾ ਕਿ ਸਬੰਧ ਬਣਾਉਣ ਲਈ ਉਹ ਆਪਣੇ ਨਾਲ ਕੋਈ ਸਹੇਲੀ ਵੀ ਲਿਆਵੇ।
ਔਰਤ ਨੇ ਇਸ ਮਾਮਲੇ ਦੀ ਸ਼ਿਕਾਇਤ ਸ਼੍ਰੀ ਹਰਿਗੋਬਿੰਦਪੁਰ ਥਾਣੇ 'ਚ ਦਰਜ ਕਰਾਈ। ਉਸਦਾ ਕਹਿਣਾ ਹੈ ਕਿ ਸ਼ਿਕਾਇਤ ਤੋਂ ਬਾਅਦ ਦੋਸ਼ੀ ਪੁਲਿਸ ਕਰਮਚਾਰੀ ਕੁਝ ਲੋਕਾਂ ਸਮੇਤ ਉਸਦੇ ਘਰ ਆਇਆ ਅਤੇ ਸ਼ਿਕਾਇਤ ਵਾਪਸ ਲੈਣ ਲਈ ਇੱਕ ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਇਨਕਾਰ ਕਰਨ 'ਤੇ ਉਸਨੂੰ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ ਗਈ।
ਔਰਤ ਨੇ ਇਹ ਵੀ ਦੱਸਿਆ ਕਿ ਮੁਲਾਜ਼ਮ ਨੇ ਉਸਦੇ ਕਰਵਾ ਚੌਥ ਦੇ ਵਰਤ ਦਾ ਮਜ਼ਾਕ ਉਡਾ ਕੇ ਉਸਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਸਨੇ ਪੰਜਾਬ ਸਰਕਾਰ ਅਤੇ ਉੱਚ ਪੁਲਿਸ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕਰਦਿਆਂ ਅਜਿਹੇ ਪੁਲਿਸ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਜੋ ਵਰਦੀ ਦੇ ਪਿੱਛੇ ਛੁਪ ਕੇ ਔਰਤਾਂ ਦੀ ਇਜ਼ਤ ਨਾਲ ਖੇਡ ਰਹੇ ਹਨ।
ਡੀ.ਐਸ.ਪੀ. ਕਾਦੀਆਂ, ਸ਼੍ਰੀ ਹਰਿਗੋਬਿੰਦਪੁਰ ਹਰੀਸ਼ ਬਹਲ ਨੇ ਕਿਹਾ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਦੋਸ਼ੀ ਪੁਲਿਸ ਕਰਮਚਾਰੀ ਨੂੰ ਜਾਂਚ ਲਈ ਤਲਬ ਕੀਤਾ ਗਿਆ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।


Post a Comment

© Qadian Times. All rights reserved. Distributed by ASThemesWorld