ਸ੍ਰੀ ਹਰਗੋਬਿੰਦਪੁਰ ਅਤੇ ਕਾਦੀਆਂ-1 ਬਲਾਕ ਦੇ ਸਕੂਲਾਂ ਵਿੱਚ ਗਾਈਡੈਂਸ ਕਾਰਨਰਾਂ, ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਗਤੀਵਿਧੀਆਂ ਅਤੇ ਨਸ਼ਾ ਵਿਰੋਧੀ ਮੁਹਿੰਮ ਦੀ ਸਮੀਖਿਆ

ਵੱਖ-ਵੱਖ ਸਕੂਲਾਂ ਦੇ ਦੌਰੇ ਦੌਰਾਨ ਗਾਈਡੈਂਸ ਕਾਰਨਰਾਂ ਦਾ ਜਾਇਜ਼ਾ ਲੈਂਦੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਅਤੇ ਬਲਾਕ ਗਾਈਡੈਂਸ ਕੌਂਸਲਰ ਰਾਜਪ੍ਰੀਤ ਸਿੰਘ ਢਿੱਲੋਂ (ਜ਼ੀਸ਼ਾਨ)

ਕਾਦੀਆਂ, 25 ਜੁਲਾਈ (ਜ਼ੀਸ਼ਾਨ) - ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਅਦਿਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸਟੇਟ ਐਵਾਰਡੀ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਬਲਾਕ ਕਾਦੀਆਂ-1 ਅਤੇ ਸ੍ਰੀ ਹਰਗੋਬਿੰਦਪੁਰ ਦੇ ਵੱਖ-ਵੱਖ ਸਕੂਲਾਂ ਦਾ ਅਧਿਕਾਰਿਕ ਦੌਰਾ ਕੀਤਾ। ਇਸ ਮੌਕੇ ਬਲਾਕ ਗਾਈਡੈਂਸ ਕੌਂਸਲਰ ਰਾਜਪ੍ਰੀਤ ਸਿੰਘ ਢਿੱਲੋਂ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਦੌਰੇ ਦੌਰਾਨ ਸਰਕਾਰੀ ਹਾਈ ਸਕੂਲ ਤੁਗਲਵਾਲ, ਸਰਕਾਰੀ ਹਾਈ ਸਕੂਲ ਬਸਰਾਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਚੋਵਾਲ ਅਤੇ ਬਾਬਾ ਆਇਆ ਸਿੰਘ ਰਿਆੜਕੀ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲ ਦਾ ਦੌਰਾ ਕਰਕੇ ਵਿਦਿਆਰਥੀਆਂ ਨੂੰ ਕਿੱਤਾ-ਮੁਖੀ ਕੋਰਸਾਂ, ਉੱਚ ਸਿੱਖਿਆ ਦੇ ਮੌਕਿਆਂ ਅਤੇ ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕਰੀਅਰ ਦੀ ਚੋਣ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਮੁਕੇਸ਼ ਵਰਮਾ ਨੇ ਦੱਸਿਆ ਕਿ ਸਕੂਲਾਂ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ, ਗਾਈਡੈਂਸ ਕਾਰਨਰਾਂ, ਕਰੀਅਰ ਗਤੀਵਿਧੀਆਂ ਦੇ ਰਜਿਸਟਰਾਂ ਅਤੇ ਵਿਦਿਆਰਥੀਆਂ ਲਈ ਉਪਲਬਧ ਜਾਣਕਾਰੀ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਗਾਈਡੈਂਸ ਕਾਰਨਰ ਵਿਦਿਆਰਥੀਆਂ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਲਈ ਮਹੱਤਵਪੂਰਨ ਹਨ ਅਤੇ ਇਨ੍ਹਾਂ ਨੂੰ ਨਿਰੰਤਰ ਅਪਡੇਟ ਰੱਖਣਾ ਲਾਜ਼ਮੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੇ ਪਰਿਵਾਰ, ਪਿੰਡ ਅਤੇ ਸਮਾਜ ਨੂੰ ਵੀ ਨਸ਼ਾ-ਮੁਕਤ ਬਣਾਉਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਰਾਜਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਦੇ ਯੁੱਗ ਵਿੱਚ ਸਮੇਂ ਸਿਰ ਮਿਲੀ ਕਰੀਅਰ ਗਾਈਡੈਂਸ ਵਿਦਿਆਰਥੀਆਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਸਕਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਟੀਚੇ ਨਿਰਧਾਰਤ ਕਰਕੇ ਮਿਹਨਤ, ਅਨੁਸ਼ਾਸਨ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਅੱਗੇ ਵਧਣ ਦੀ ਅਪੀਲ ਕੀਤੀ।

ਬਾਬਾ ਆਇਆ ਸਿੰਘ ਰਿਆੜਕੀ ਸੀਨੀਅਰ ਸੈਕੰਡਰੀ ਸਕੂਲ ਤੁਗਲਵਾਲ ਦੇ ਮੁਖੀ ਗਗਨਦੀਪ ਸਿੰਘ ਵਿਰਕ ਨੇ ਮੁਕੇਸ਼ ਵਰਮਾ ਅਤੇ ਰਾਜਪ੍ਰੀਤ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਲਈ ਕੀਤੇ ਜਾ ਰਹੇ ਅਜਿਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਕਰੀਅਰ ਗਾਈਡੈਂਸ, ਪ੍ਰਤੀਯੋਗੀ ਪ੍ਰੀਖਿਆਵਾਂ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਸਬੰਧੀ ਦਿੱਤੀ ਜਾਣਕਾਰੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਇਸ ਉਪਰਾਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਵੀ ਕੀਤਾ।

ਦੌਰੇ ਦੌਰਾਨ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਕਰੀਅਰ, ਉੱਚ ਸਿੱਖਿਆ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਨਾਲ ਸਬੰਧਤ ਆਪਣੇ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਪ੍ਰਾਪਤ ਕੀਤੇ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਦੌਰੇ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ ਗਈ।


Post a Comment

© Qadian Times. All rights reserved. Distributed by ASThemesWorld