ਕਾਦੀਆਂ ’ਚ ਸਤਿਕਾਰ ਸਖੀਆਂ ਦੀ ਸੇਵਾ ਨੂੰ ਸਲਾਮ ਲਈ, ਮਾਹਲ ਨੇ ਕਰਵਾਇਆ ਵਿਸ਼ੇਸ਼ ਧੰਨਵਾਦ ਸਮਾਗਮ

ਕਾਦੀਆਂ, 2 ਸਤੰਬਰ (ਜ਼ੀਸ਼ਾਨ): ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਤਿਕਾਰ ਸਖੀਆਂ ਨੂੰ ਰਾਸ਼ੀ ਜਾਰੀ ਕੀਤੇ ਜਾਣ ਦੇ ਮੱਦੇਨਜ਼ਰ ਸਥਾਨਕ ਵਿਕਟੋਰੀਆ ਗਾਰਡਨ ਪੈਲੇਸ, ਕਾਦੀਆਂ ਵਿਖੇ ਸਤਿਕਾਰ ਸਖੀਆਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਕਾਦੀਆਂ ਦੇ ਆਗੂ ਗੁਰਇਕਬਾਲ ਸਿੰਘ ਮਾਹਲ ਵੱਲੋਂ ਸਤਿਕਾਰ ਸਖੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।

ਸਮਾਗਮ ਦੌਰਾਨ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਵਾਂ-ਧੀਆਂ ਅਤੇ ਔਰਤਾਂ ਦੇ ਸਨਮਾਨ, ਸੁਰੱਖਿਆ ਅਤੇ ਸਸ਼ਕਤੀਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਔਰਤਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੀ ਲਗਾਤਾਰ ਯਤਨ ਕੀਤੇ ਜਾਣੇ ਚਾਹੀਦੇ ਹਨ।

ਉਨ੍ਹਾਂ ਕਿਹਾ ਕਿ ਸਤਿਕਾਰ ਸਖੀਆਂ ਵੱਲੋਂ ਆਪਣੇ ਇਲਾਕਿਆਂ ਵਿੱਚ ਔਰਤਾਂ ਅਤੇ ਪਰਿਵਾਰਾਂ ਨਾਲ ਸਬੰਧਤ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਹ ਲੋਕਾਂ ਨਾਲ ਸੰਪਰਕ ਕਰਕੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਸਰਕਾਰੀ ਸਹੂਲਤਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ-ਨਾਲ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਵਿੱਚ ਵੀ ਯੋਗਦਾਨ ਪਾ ਰਹੀਆਂ ਹਨ।

ਮਾਹਲ ਨੇ ਕਿਹਾ ਕਿ ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਸਤਿਕਾਰ ਸਖੀਆਂ ਦਾ ਸਨਮਾਨ ਕਰਨਾ ਉਨ੍ਹਾਂ ਦੀ ਸੇਵਾ, ਮਿਹਨਤ ਅਤੇ ਸਮਾਜ ਪ੍ਰਤੀ ਯੋਗਦਾਨ ਨੂੰ ਸਲਾਮ ਕਰਨ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੀ ਭਲਾਈ ਨਾਲ ਜੁੜੇ ਅਜਿਹੇ ਉਪਰਾਲਿਆਂ ਨਾਲ ਸਮਾਜ ਵਿੱਚ ਜਾਗਰੂਕਤਾ ਵਧਦੀ ਹੈ ਅਤੇ ਮਹਿਲਾਵਾਂ ਵਿੱਚ ਆਪਣੇ ਅਧਿਕਾਰਾਂ ਪ੍ਰਤੀ ਵਿਸ਼ਵਾਸ ਵੀ ਮਜ਼ਬੂਤ ਹੁੰਦਾ ਹੈ।

ਇਸ ਮੌਕੇ ਜਤਿੰਦਰ ਕੌਰ ਖੁੰਡੀ ਹਲਕਾ ਕੋਆਰਡੀਨੇਟਰ ਸਰਪੰਚ ਖੁੰਡੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਚੇਅਰਮੈਨ ਰੁਬਿੰਦਰ ਕੌਰ, ਬਬੀਤਾ ਖੋਸਲਾ ਸਟੇਟ ਸਕੱਤਰ ਮਹਿਲਾ ਵਿੰਗ ਕ੍ਰਿਸਚਨ ਵੈਲਫੇਅਰ ਬੋਰਡ, ਰੇਖਾ ਸ਼ਰਮਾ ਮਾਝਾ ਜ਼ੋਨ ਇੰਚਾਰਜ, ਨੀਲਮ ਘੁੱਮਣ ਜ਼ਿਲ੍ਹਾ ਪ੍ਰਧਾਨ, ਅੰਗਰੇਜ਼ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਰਿੰਕਾ, ਕਮਰੇਡ ਗੁਰਮੇਜ ਸਿੰਘ ਕਾਦੀਆਂ, ਚਰਨਜੀਤ ਸਿੰਘ ਰਿਆੜ, ਬਲਜੀਤ ਸਿੰਘ ਸਰਪੰਚ ਕੋਟਲੀ ਸੇਵੀ, ਚੇਅਰਮੈਨ ਡਾਕਟਰ ਪੰਧੇੜ, ਰਿੰਕਾ, ਨਿਸ਼ਾ ਰਾਣੀ ਲੱਖਲੋਤਰਾ ਬਲਾਕ ਪ੍ਰਧਾਨ ਕਾਦੀਆਂ, ਰਣਜੀਤ ਕੌਰ ਸਮੇਤ ਹੋਰ ਆਗੂ ਅਤੇ ਵਰਕਰ ਹਾਜ਼ਰ ਸਨ। ਸਮਾਗਮ ਦੌਰਾਨ ਸਤਿਕਾਰ ਸਖੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਸਨਮਾਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ।

Post a Comment

© Qadian Times. All rights reserved. Distributed by ASThemesWorld