![]() |
| ਕਾਦੀਆਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ (ਏਟਕ) ਦੇ ਆਗੂ ਅਤੇ ਹਾਜ਼ਰ ਮੈਂਬਰ। (ਜ਼ੀਸ਼ਾਨ) |
ਕਾਦੀਆਂ, 12 ਜੁਲਾਈ (ਜ਼ੀਸ਼ਾਨ): ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ) ਦੀ ਇਕਾਈ ਕਾਦੀਆਂ ਦੀ ਮੀਟਿੰਗ ਪ੍ਰਧਾਨ ਬਾਵਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਦਵਿੰਦਰ ਸਿੰਘ ਸੈਣੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਸੂਬਾ ਸਕੱਤਰ ਦਵਿੰਦਰ ਸਿੰਘ ਸੈਣੀ, ਇਕਾਈ ਸਕੱਤਰ ਪਰਮਜੀਤ ਸਿੰਘ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕ ਲੁਭਾਉਣੀਆਂ ਯੋਜਨਾਵਾਂ ਅਤੇ ਇਸ਼ਤਿਹਾਰਬਾਜ਼ੀ 'ਤੇ ਵੱਡੀ ਰਕਮ ਖਰਚ ਕਰ ਰਹੀ ਹੈ, ਜਦਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਅਜੇ ਤੱਕ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ (ਡੀ.ਏ.) ਦਾ ਬਕਾਇਆ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ 18 ਫ਼ੀਸਦੀ ਡੀ.ਏ. ਤੁਰੰਤ ਜਾਰੀ ਕੀਤਾ ਜਾਵੇ, ਪੈਨਸ਼ਨ ਵਿੱਚੋਂ ਹਰ ਮਹੀਨੇ ਕੀਤੀ ਜਾ ਰਹੀ 200 ਰੁਪਏ ਦੀ ਕਟੌਤੀ ਬੰਦ ਕੀਤੀ ਜਾਵੇ, ਕੈਸ਼ਲੈੱਸ ਇਲਾਜ ਸਕੀਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇ ਅਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੋਰ ਲੰਬਿਤ ਜਾਇਜ਼ ਮੰਗਾਂ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ।
ਬੁਲਾਰਿਆਂ ਨੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਲੋਕਾਂ 'ਤੇ ਪਾਣੀ ਦੀਆਂ ਬੁਛਾੜਾਂ ਕਰਨ, ਲਾਠੀਚਾਰਜ ਕਰਨ ਅਤੇ ਜਬਰ ਵਰਤਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਆਪਣੀਆਂ ਹੱਕੀ ਮੰਗਾਂ ਉਠਾਉਣਾ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ।
ਮੀਟਿੰਗ ਨੂੰ ਸੂਬਾ ਆਗੂ ਦਵਿੰਦਰ ਸਿੰਘ ਸੈਣੀ, ਪਿਆਰਾ ਸਿੰਘ, ਗੁਰਮੇਜ ਸਿੰਘ, ਪ੍ਰੇਮ ਸਿੰਘ, ਸੋਹਣ ਲਾਲ, ਅਨੈਤ ਅਤੇ ਜਸਵੰਤ ਸਿੰਘ ਕੁਹਾੜ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।
