ਪੰਜਾਬ ਨੈਸ਼ਨਲ ਬੈਂਕ ਅੱਗੇ ਮੋਟਰਸਾਈਕਲਾਂ ਦੀ ਭੀੜ ਕਾਰਨ ਲੋਕ ਪ੍ਰੇਸ਼ਾਨ, ਪਾਰਕਿੰਗ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ

ਕਾਦੀਆਂ ਦੇ ਪੰਜਾਬ ਨੈਸ਼ਨਲ ਬੈਂਕ ਦੇ ਗੇਟ ਅੱਗੇ ਖੜ੍ਹੇ ਮੋਟਰਸਾਈਕਲ, ਜਨ ਜਾਗਰਤੀ ਪੰਜਾਬ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਮੁਸਕਾਨ ਭਗਤ ਜਾਣਕਾਰੀ ਦਿੰਦਿਆਂ। (ਜ਼ੀਸ਼ਾਨ) 

ਕਾਦੀਆਂ, 13 ਜੁਲਾਈ (ਜ਼ੀਸ਼ਾਨ): ਪੁਰਾਣੀ ਸਬਜ਼ੀ ਮੰਡੀ ਕਾਦੀਆਂ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖਾਤਾਧਾਰਕਾਂ ਵੱਲੋਂ ਬੇਤਰਤੀਬ ਢੰਗ ਨਾਲ ਮੋਟਰਸਾਈਕਲ ਖੜ੍ਹੇ ਕਰਨ ਕਾਰਨ ਆਮ ਲੋਕਾਂ ਅਤੇ ਬੈਂਕ ਵਿੱਚ ਆਉਣ ਵਾਲੇ ਗਾਹਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਦੇ ਮੁੱਖ ਗੇਟ ਅੱਗੇ ਵਾਹਨਾਂ ਦੀ ਭੀੜ ਕਾਰਨ ਅੰਦਰ ਦਾਖਲ ਹੋਣ ਲਈ ਵੀ ਰਸਤਾ ਨਹੀਂ ਮਿਲਦਾ, ਜਿਸ ਨਾਲ ਖ਼ਾਸ ਕਰਕੇ ਬਜ਼ੁਰਗ ਖਾਤਾਧਾਰਕਾਂ ਨੂੰ ਕਾਫ਼ੀ ਦਿੱਕਤਾਂ ਝੱਲਣੀਆਂ ਪੈਂਦੀਆਂ ਹਨ।
ਸਬਜ਼ੀ ਮੰਡੀ ਵਿੱਚ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਸ ਦੇ ਨਾਲ ਹੀ ਬੈਂਕ ਦੇ ਸਾਹਮਣੇ ਡਾਕਘਰ ਹੋਣ ਕਰਕੇ ਇਲਾਕੇ ਵਿੱਚ ਹਰ ਸਮੇਂ ਭੀੜ ਰਹਿੰਦੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬੈਂਕ ਕੋਲ ਗਾਹਕਾਂ ਲਈ ਪਾਰਕਿੰਗ ਦੀ ਕੋਈ ਢੁੱਕਵੀਂ ਵਿਵਸਥਾ ਨਹੀਂ ਹੈ, ਜਿਸ ਕਾਰਨ ਮੋਟਰਸਾਈਕਲ ਗੇਟ ਦੇ ਬਿਲਕੁਲ ਸਾਹਮਣੇ ਖੜ੍ਹੇ ਕਰ ਦਿੱਤੇ ਜਾਂਦੇ ਹਨ ਅਤੇ ਆਉਣ-ਜਾਣ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਹੈ।
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬੈਂਕ ਦੀ ਇਮਾਰਤ ਛੋਟੀ ਹੋਣ ਕਾਰਨ ਅੰਦਰ ਵੀ ਭਾਰੀ ਭੀੜ ਰਹਿੰਦੀ ਹੈ ਅਤੇ ਲਾਈਨ ਵਿੱਚ ਖੜ੍ਹਨਾ ਮੁਸ਼ਕਲ ਹੋ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਖਾਤਿਆਂ ਵਿੱਚ ਵਿੱਤੀ ਸਹਾਇਤਾ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਬੈਂਕ ਵਿੱਚ ਸੀਡਿੰਗ ਕਰਵਾਉਣ ਅਤੇ ਨਵੇਂ ਖਾਤੇ ਖੁਲਵਾਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ, ਜਿਸ ਕਾਰਨ ਭੀੜ ਹੋਰ ਵਧ ਗਈ ਹੈ।
ਜਨ ਜਾਗਰਤੀ ਪੰਜਾਬ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਮੁਸਕਾਨ ਭਗਤ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੀ ਕਈ ਥਾਵਾਂ ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਾਲੀ ਕਰਵਾਕੇ ਉੱਥੇ ਪਾਰਕਿੰਗ ਦੀ ਢੁੱਕਵੀਂ ਵਿਵਸਥਾ ਕੀਤੀ ਜਾਵੇ ਅਤੇ ਬੈਂਕ ਅਤੇ ਟ੍ਰੈਫਿਕ ਪ੍ਰਬੰਧਨ ਨੂੰ ਸੁਧਾਰ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਜਲਦ ਰਾਹਤ ਦਿੱਤੀ ਜਾਵੇ।


Post a Comment

© Qadian Times. All rights reserved. Distributed by ASThemesWorld