![]() |
| ਕਾਦੀਆਂ ਮੰਡਲ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਬਿਜਲੀ ਮੁਲਾਜ਼ਮ। (ਜ਼ੀਸ਼ਾਨ) |
ਕਾਦੀਆਂ, 21 ਜੁਲਾਈ (ਜ਼ੀਸ਼ਾਨ): ਪਾਵਰਕੌਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਅਪਣਾਏ ਜਾ ਰਹੇ ਰਵੱਈਏ ਦੇ ਵਿਰੋਧ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਦੇ ਸੱਦੇ 'ਤੇ ਬਿਜਲੀ ਕਾਮਿਆਂ ਨੇ ਦੋ ਦਿਨਾਂ ਦੀ ਸਮੂਹਿਕ ਛੁੱਟੀ ਕਰਕੇ ਮੰਡਲ ਦਫ਼ਤਰ ਕਾਦੀਆਂ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਰੋਸ ਪ੍ਰਦਰਸ਼ਨ ਦੀ ਅਗਵਾਈ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਸੁਰਜੀਤ ਸਿੰਘ ਗੁਰਾਇਆ, ਫੈਡਰੇਸ਼ਨ ਏਟਕ ਦੇ ਹਰਪ੍ਰੀਤ ਸਿੰਘ ਭਿੰਡਰ ਅਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਮਨਦੀਪ ਸਿੰਘ ਕੋਟਲਾ ਨੇ ਸਾਂਝੇ ਤੌਰ 'ਤੇ ਕੀਤੀ।
ਬੁਲਾਰਿਆਂ ਨੇ ਮੰਗ ਕੀਤੀ ਕਿ ਬਿਜਲੀ ਖੇਤਰ ਦੇ ਨਿੱਜੀਕਰਨ ਦੀ ਨੀਤੀ, ਬਿਜਲੀ ਐਕਟ-2003 ਅਤੇ ਸੋਧ ਬਿੱਲ-2025 ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਆਊਟਸੋਰਸ ਮੁਲਾਜ਼ਮਾਂ ਨੂੰ ਰੈਗੂਲਰ ਕਰਨ, ਪੱਕੇ ਕੰਮਾਂ ਲਈ ਪੱਕੀ ਭਰਤੀ ਕਰਨ, ਆਰ.ਟੀ.ਐਮ. ਤੋਂ ਤਰੱਕੀ ਪ੍ਰਾਪਤ ਕਰਮਚਾਰੀਆਂ ਨੂੰ 35,400 ਰੁਪਏ ਦਾ ਸਕੇਲ ਦੇਣ ਅਤੇ ਮੁਲਾਜ਼ਮਾਂ 'ਤੇ ਵਾਧੂ ਕੰਮ ਦਾ ਬੋਝ ਘਟਾਉਣ ਦੀ ਮੰਗ ਕੀਤੀ।
ਇਸ ਮੌਕੇ ਜਗਤਾਰ ਸਿੰਘ ਖੁੰਡਾ, ਪਿਆਰਾ ਸਿੰਘ ਭਾਮੜੀ, ਦਲਜੀਤ ਸਿੰਘ ਸਿੱਧਵਾਂ, ਗੁਰਮੇਜ ਸਿੰਘ, ਯਾਦਵਿੰਦਰ ਸਿੰਘ ਨਾਥਪੁਰਾ, ਬਲਜਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਅਤੇ ਜੇ.ਈ. ਸੁਨੀਲ ਕੁਮਾਰ ਸਮੇਤ ਹੋਰ ਮੁਲਾਜ਼ਮ ਵੀ ਹਾਜ਼ਰ ਸਨ।
