ਪੀਰ ਬਾਬਾ ਲੱਖ ਦਾਤਾ ਦਰਬਾਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਸਾਲਾਨਾ ਭੰਡਾਰਾ ਆਰੰਭ, ਸੰਗਤ ਨੇ ਛਕਿਆ ਅਤੁੱਟ ਲੰਗਰ

ਕਾਦੀਆਂ ਸਥਿਤ ਪੀਰ ਬਾਬਾ ਲੱਖ ਦਾਤਾ ਦਰਬਾਰ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਦੇ ਪ੍ਰਧਾਨ ਅਤੇ ਮੈਂਬਰ ਅਤੇ ਸੰਗਤ ਨੂੰ ਅਤੁੱਟ ਲੰਗਰ ਵਰਤਾਉਂਦੇ ਸੇਵਾਦਾਰ। (ਜ਼ੀਸ਼ਾਨ)

ਕਾਦੀਆਂ, 9 ਜੁਲਾਈ (ਜ਼ੀਸ਼ਾਨ): ਕਾਦੀਆਂ ਸਥਿਤ ਪੀਰ ਬਾਬਾ ਲੱਖ ਦਾਤਾ ਦਰਬਾਰ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦੀ ਪਾਵਨ ਯਾਦ ਵਿੱਚ ਸੰਗਤ ਦੇ ਸਹਿਯੋਗ ਨਾਲ ਸਾਲਾਨਾ ਭੰਡਾਰੇ ਦਾ ਸ਼ੁਭ ਆਰੰਭ ਸ਼ਰਧਾ, ਭਗਤੀ ਅਤੇ ਧਾਰਮਿਕ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਦਰਬਾਰ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਤੁੱਟ ਲੰਗਰ ਦਾ ਪ੍ਰਸ਼ਾਦ ਛਕਿਆ।

ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਦਰਬਾਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਵੱਲੋਂ ਰਵਾਇਤੀ ਝੰਡਾ ਰਸਮ ਅਦਾ ਕਰਨ ਨਾਲ ਹੋਈ। ਇਸ ਉਪਰੰਤ ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਇਲਾਕੇ ਦੀ ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀ ਕਾਮਨਾ ਕੀਤੀ ਗਈ। ਦਿਨ ਭਰ ਸੰਗਤ ਲਈ ਬਾਬਾ ਜੀ ਦੇ ਨਾਮ 'ਤੇ ਸਵੇਰੇ ਚਾਹ-ਪਕੌੜਿਆਂ ਦਾ ਪ੍ਰਸ਼ਾਦ ਅਤੇ ਦੁਪਹਿਰ ਤੇ ਰਾਤ ਦਾ ਅਤੁੱਟ ਲੰਗਰ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ।

ਦਰਬਾਰ ਦੇ ਪ੍ਰਧਾਨ ਜੋਗਿੰਦਰਪਾਲ ਭੁੱਟੋ ਨੇ ਦੱਸਿਆ ਕਿ ਸਾਲਾਨਾ ਧਾਰਮਿਕ ਸਮਾਗਮ ਤਹਿਤ ਅੱਜ ਦੇਰ ਰਾਤ ਪ੍ਰਸਿੱਧ ਕਵਾਲ ਸ਼ੰਮੀ ਸ਼ਾਹਿਦ ਆਪਣੀਆਂ ਸੂਫ਼ੀਆਨਾ ਕਵਾਲੀਆਂ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੋਣ ਵਾਲੇ ਵਿਸ਼ਾਲ ਮਹਾਮਾਈ ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਮਨੀ ਲਾਡਲਾ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕਰਨਗੇ।

ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸੰਗਤ ਦੇ ਪੁੱਜਣ ਦੀ ਉਮੀਦ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

ਇਸ ਮੌਕੇ ਪ੍ਰਧਾਨ ਜੋਗਿੰਦਰਪਾਲ ਭੁੱਟੋ, ਉਪ ਪ੍ਰਧਾਨ ਗੁਲਸ਼ਨ ਵਰਮਾ, ਅਮਿਤ ਵਰਮਾ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਆਸ਼ੂ ਕੁਮਾਰ, ਰਿੰਕੂ ਗੁਰਜੀਤ, ਪਿੰਕਾ, ਰਘੂਪਾਲ, ਰਵੀ, ਜਿੰਮੀ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਅਤੇ ਸ਼ਰਧਾਲੂ ਹਾਜ਼ਰ ਸਨ।



Post a Comment

© Qadian Times. All rights reserved. Distributed by ASThemesWorld